ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦਾਂ ਦੇ ਝਰੋਖੇ ਚੋਂ...

ਮੰਗਲ ਨਾਲ ਮੇਰੀ ਪਹਿਲੀ ਮਿਲਣੀ ਪ੍ਰੋ. ਧਵਨ ਦੇ ਬੇਟੇ ਦੀ ਸ਼ਾਦੀ ਦੌਰਾਨ ਹੋਈ। ਅਸ਼ੋਕ ਮਸਤੀ ਵੀ ਨਾਲ ਸੀ। ਦੋਵੇਂ ਸਟੇਜ਼ੀ ਰੰਗ ਬੰਨ੍ਹਣ ਆਏ ਸਨ। ਸਮਾਂ ਕਰੀਬ ਸ਼ਾਮ ਦੇ ਪੰਜ ਕੁ ਸੀ। ਮੈਂ ਮਿਲਿਆ, 'ਚਾਹ-ਪਾਣੀ' ਪੁੱਛਿਆ ਤਾਂ ਝਟ ਬੋਲਿਆ 'ਇਹ ਚਾਹ ਦਾ ਟੈਮ ਨਹੀਂ ਦਾਰੂ ਦਾ ਟੈਮ ਐ।' ਪਹਿਲੀ ਮਿਲਣੀ ਤੇ 'ਗਲਾਸੀ' ਸਾਂਝੀ ਕੀਤੀ। ਉਸਨੇ ਸਰੂਰ ਤੇ ਸ਼ਾਇਰੀ ਦਾ ਰੰਗ ਐਸਾ ਬੰਨ੍ਹਿਆ ਕਿ ਸਰੋਤੇ ਕੀਲੇ ਗਏ। ਵਾਹ! ਵਾਹ! ਕਰਨੇ ਨਾ ਰਹਿ ਸਕੇ। ਸਰੋਤੇ ਉਸਨੂੰ ਗਲਵਕੜੀਆਂ ਪਾਉਣ ਲਈ ਉਤਾਵਲੇ ਹੋਣ ਲੱਗੇ। ਉਹ ਸਭ ਨੂੰ ਹੱਸ ਕੇ ਮਿਲਿਆ। ਸ਼ਾਇਰੀ ਦਾ ਭਲਾ ਇਸ ਤੋਂ ਵੱਡਾ ਕੀ ਮੁੱਲ ਹੋ ਸਕਦਾ!!

ਸਟੇਜ ਤੋਂ ਬਾਅਦ ਮੰਗਲ ਢੇਰ ਗੱਲਾਂ ਕਰਦਾ ਰਿਹਾ। ਉਹ ਬੇਬਾਕ ਬੇਖੌਫ਼, ਸਾਫ਼ਗੋਈ ਖਿਆਲਾਂ ਦਾ ਮਾਲਕ ਸੀ। ਉਹਨੂੰ ਗੱਲ ਦਿਲ ਵਿਚ ਨਹੀਂ ਸੀ ਰੱਖਣੀ ਆਉਂਦੀ। ਦਾਰੂ ਦਾ ਪੂਰਾ ਸ਼ੱਕੀ ਸੀ। ਐਸਾ ਸਬੱਬ ਹੀ ਦੂਜੀ ਮਿਲਣੀ ਦਾ ਬਣਿਆ। ਉਸਦੀ ਬੇਟੀ ਦੀ ਸ਼ਾਦੀ ਸੀ। ਜਦ ਮੈਂ ਤਰਲੋਕ ਭਾਅ ਜੀ ਨਾਲ ਸ਼ਗਨ ਸਮੇਂ ਪੁੱਜਾ ਤਾਂ ਉਹ ਸਾਨੂੰ ਦੇਖ ਕੇ ਖਿੜ ਗਿਆ। ਵਿਆਹ ਪ੍ਰਬੰਧਾਂ ਨੂੰ ਲਾਂਭੇ ਕਰਕੇ ਉਸ ਨੇ ਫਿਰ ਸਾਡੇ ਨਾਲ ਗਲਾਸੀ ਖੜਕਾਈ। ਢੇਰ ਦੇਰ ਪਰਿਵਾਰਕ ਮੋਹ ਦੀਆਂ ਤੰਦਾਂ ਪਾਉਂਦਾ ਰਿਹਾ। ਸਮਾਜ, ਸਾਹਿਤ, ਸ਼ਾਇਰੀ ਦੀਆਂ ਬਾਤਾਂ ਮੁੱਕਣ ਵਿੱਚ ਨਾ ਆਈਆਂ। ਅੱਜ ਵੀ ਉਸਦੇ ਪਰਿਵਾਰਕ ਮੈਂਬਰਾਂ ਵਿੱਚ ਅਪੱਣਤ ਕੁੱਟ-ਕੁੱਟ ਭਰੀ ਹੋਈ ਹੈ। ਇਹ ਗੁੜ੍ਹਤੀ ਮੰਗਲ ਨੇ ਹੀ ਉਹਨਾਂ ਨੂੰ ਦਿੱਤੀ ਹੈ।

ਉਸਦੀ ਸ਼ਾਇਰੀ ਤੇ ਉਹ ਖ਼ੁਦ ਮਾਤ ਭਾਸ਼ਾ ਨੂੰ ਪਰਨਾਇਆ ਹੋਇਆ ਸੀ। ਗੁਰਦਾਸ ਮਾਨ, ਸੁਰਿੰਦਰ ਛਿੰਦਾ, ਹਾਕਮ ਸੂਫ਼ੀ, ਗਾਇਕਾ ਨਿਰਮਲਜੀਤ ਨਿੰਮਾ ਆਦਿ ਗੀਤਕਾਰਾਂ ਦਾ ਨਜ਼ਦੀਕੀ ਸੀ। ਉਹ ਸਾਫ਼ ਸੁਥਰੀ, ਮਿਆਰੀ ਲੇਖਣੀ ਦਾ ਕਾਇਲ ਸੀ। ਸੰਜੀਦਾ ਸ਼ਾਇਰੀ ਦਾ ਮਾਲਕ ਇਹ ਭਾਵੇਂ ਸਾਡੇ ਵਿੱਚ ਅੱਜ ਮੌਜੂਦ ਨਹੀਂ, ਪਰ ਇਹ ਕਿਹਾ ਜਾ ਸਕਦਾ ਹੈ:

ਉਦਾਸੀ ਸੀ ਛਾਈ ਬੜੀ ਤਿਰੇ ਤੁਰ ਜਾਣ ਦੇ ਮਗਰੋਂ
ਮੇਰੀ ਇਸ ਜਾਨ ਤੇ ਬਣ ਆਈ ਤਿਰੇ ਤੁਰ ਜਾਣ ਦੇ ਮਗਰੋਂ

ਅੱਧਵਾਟੇ ਛੱਡ ਤੁਰ ਗਏ ਰੰਗਲੇ ਸੱਜਣ ਦਾ ਨਾ ਕੇਵਲ ਪਰਿਵਾਰਿਕ ਮੈਂਬਰਾਂ ਨੂੰ ਘਾਟਾ ਪਿਆ, ਸਗੋਂ ਸਾਰੇ ਸਾਹਿਤਕ ਹਲਕੇ ਤੇ ਮਿੱਤਰ ਮੰਡਲੀ ਨੂੰ ਵੀ ਉਸਦੀ ਘਾਟ ਰੜਕਦੀ ਰਹੇਗੀ।

ਪ੍ਰੋ. ਗੁਰਰਾਜ ਸਿੰਘ ਚਹਿਲ
ਡੀ.ਏ.ਵੀ. ਕਾਲਜ, ਅਬੋਹਰ

23/ਸ਼ਬਦ ਮੰਗਲ