ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਕੰਧ ਵਿੱਚ ਉੱਗੇ ਹੋਏ ਰੁੱਖ ਬੇਲੀਓ
ਸਾਡੀ ਉਮਰੋਂ ਲੰਮੇਰਾ, ਸਾਡਾ ਦੁੱਖ ਬੇਲੀਓ
ਨਾ ਕਿਸੇ ਸਾਨੂੰ ਹੱਥੀ ਲਾਇਆ
ਨਾ ਕਿਸੇ ਸਾਨੂੰ ਦਿੱਤਾ ਪਾਣੀ।
ਨਾ ਕਿਸੇ ਸਾਡੀ ਰਾਖੀ ਕੀਤੀ।
ਨਾ ਕਿਸੇ ਸਾਡੀ ਛਾਂ ਹੈ ਮਾਣੀ।
ਅਸੀਂ ਉੱਗੇ ਤਾਂ ਪੀਲੇ ਪੈ ਗਏ, ਮੁੱਖ ਬੇਲੀਓ,
ਅਸੀਂ ਕੰਧ ਵਿੱਚ ਉੱਗੇ ਹੋਏ ਰੁੱਖ ਬੇਲੀਓ
ਜਾਂ
ਬੱਸ ਇਕੋ ਗੱਲ ਆਖਾਂ ਵਾਰ ਵਾਰ ਜੋਗੀਆ।
ਮੈਨੂੰ ਛੱਡ ਕੇ ਨਾ ਜਾਈਂ, ਉਸ ਪਾਰ ਜੋਗੀਆ।

ਅੱਜ ਦੇ ਦੌਰ ਵਿੱਚ, ਗੀਤਾਂ ਰਾਹੀਂ ਪਲੀਤ ਕੀਤੇ ਸਭਿਆਚਾਰ ਨੂੰ ਬਚਾਉਣ ਲਈ ਮੰਗਲ ਮਦਾਨ ਵੱਲੋਂ ਰਚੇ ਗਏ ਸਾਹਿਤਕ ਅਤੇ ਸਾਫ਼-ਸੁਥਰੇ ਗੀਤਾਂ ਦੀ ਬੜੀ ਲੋੜ ਹੈ। ਉਨ੍ਹਾਂ ਵੱਲੋਂ ਰਚੇ ਗਏ ਇੱਕ ਗੀਤ ਵਿੱਚ ਜਵਾਨੀ ਦੀ ਉਮਰ ਨੂੰ ਬਿਆਨਣ ਦਾ ਅੰਦਾਜ਼ ਵੇਖਣ ਵਾਲਾ ਹੈ:

ਆਪੇ ਛਣਕ ਪੈਂਦੀ ਵੰਗ, ਆਪੇ ਬੁੱਲ੍ਹ ਪੈਂਦੇ ਹੱਸ,
ਮੇਰਾ ਦਿਲ ਵੀ ਨਾ ਰਿਹਾ, ਹੁਣ ਮੇਰੇ ਹੱਥ ਵੱਸ।
ਘਰ ਆਪਣੇ 'ਚ ਮੈਂ ਤਾਂ ਮਹਿਮਾਨ ਹੋ ਗਈ,
ਨੀ ਮੈਂ ਸੱਚੀਂ ਮੁੱਚੀਂ ਅੜੀਓ ਜਵਾਨ ਹੋ ਗਈ।

ਬੀਤ ਗਏ ਸਮੇਂ ਦੇ ਚੰਗੇ ਵਰਤਾਰਿਆਂ ਨੂੰ ਸਬਰ, ਸੰਤੋਖ ਵਾਲੇ ਮਨੁੱਖਾਂ ਨੂੰ ਚੇਤੇ ਕਰਦਿਆਂ ਕਵੀ ਦੇ ਹਿਰਦੇ ਵਿੱਚੋਂ ਹੇਰਵਾ ਅਤੇ ਪੀੜ ਉਜਾਗਰ ਹੁੰਦੀ ਹੈ:

ਗਲੀ 'ਚੋਂ ਨਿਆਣਿਆਂ ਨੂੰ, ਘਰਾਂ 'ਚੋਂ ਸਿਆਣਿਆਂ ਨੂੰ,
ਭੜੋਲਿਆਂ 'ਚੋਂ ਦਾਣਿਆਂ ਨੂੰ, ਲੇਕੇ ਲੱਭਦੇ ਫਿਰੋਗੇ।
ਰੁੱਖੀ-ਸੁੱਕੀ ਖਾਣ ਵਾਲੇ, ਸ਼ੁਕਰ ਮਨਾਉਣ ਵਾਲੇ,
ਬੋਲਾਂ ਨੂੰ ਗਾਉਣ ਵਾਲੇ, ਲੇਕੇ ਲੱਭਦੇ ਫਿਰੋਗੇ।

ਉਪਰੋਕਤ ਵੇਰਵਿਆਂ ਤੋਂ ਇਹ ਜ਼ਾਹਰ ਹੁੰਦਾ ਹੈ, ਮੰਗਲ ਮਦਾਨ ਦੀ ਸ਼ਾਇਰੀ, ਅਰਸ਼ੋਂ ਉਤਰੀ ਸ਼ਾਇਰੀ ਨਹੀਂ ਹੈ, ਜਾਂ ਮਨ ਦੀ ਉਡਾਰੀ ਦੀ ਕਵਿਤਾ ਨਹੀਂ ਹੈ, ਸਗੋਂ ਸਮੁੱਚੀ ਮਨੁੱਖਤਾ ਦੀ ਆਵਾਜ਼ ਹੈ, ਸਮੇਂ ਦਾ ਸੱਚ ਹੈ। ਮੰਗਲ ਮਦਾਨ ਧਰਤੀ ਨਾਲ ਜੁੜਿਆ ਸ਼ਾਇਰ ਸੀ, ਉਸਨੂੰ ਲੋਕ ਮੁਹਾਵਰੇ, ਅਖਾਣਾ, ਲੋਕ-ਕਿੱਤਿਆਂ ਦੀ ਡੂੰਘੀ ਮੁਹਾਰਤ ਹਾਸਲ ਸੀ। ਇਸ ਤਰ੍ਹਾਂ ਉਸਦੀ ਕਵਿਤਾ, ਅਨੁਭਵ ਅਤੇ ਅਹਿਸਾਸ ਦੀ ਕਵਿਤਾ ਹੈ। ਉਸਨੇ ਨਿੱਜ ਨਾਲੋਂ ਵਧੇਰੇ, ਲੋਕਾਂ ਦੀ ਗੱਲ ਕੀਤੀ ਹੈ। ਮੰਗਲ ਮਦਾਨ ਸਮਾਜ ਵਿੱਚ ਵਾਪਰਦੇ ਗਲਤ ਵਰਤਾਰੇ ਨੂੰ

26/ਸ਼ਬਦ ਮੰਗਲ