ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਬ ਸੀ ਕਿ ਨਜ਼ਮ ਇੱਕ ਵਿਚਾਰ ਦਾ ਸੰਸਾਰ ਹੈ। ਗ਼ਜ਼ਲ ਟੁੱਟਵੇਂ ਸੰਸਾਰ ਦਾ ਵਿਚਾਰ ਹੈ। ਗੀਤ ਫੁੱਲਾਂ ਵਿਚਲੇ ਰੰਗਾਂ ਦਾ ਭਾਰ ਹੈ। ਤੁਸੀਂ ਜੀਨੂੰ ਫੁੱਲ ਵਿਚਲੇ ਰੰਗਾਂ ਨੂੰ ਤੋਲ ਨਹੀਂ ਸਕਦੇ। ਕਈ ਵਾਰ ਤਾਂ ਗੀਤ ਸੁਣ ਕੇ ਬੋਲ ਵੀ ਨਹੀਂ ਸਕਦੇ। ਸੁਰ ਤੇ ਸ਼ਬਦ ਦਾ ਸੁਮੇਲ ਐਸਾ ਮੰਤਰ ਮੁਗਧ ਕਰਦਾ ਹੈ ਕਿ ਤੁਸੀਂ ਆਨੰਦ ਵਿਭੋਰ ਹੋ ਜਾਂਦੇ ਹੋ। ਮੰਗਲ ਮਦਾਨ ਪਾਸ ਗੀਤ ਨੂੰ ਵਿਸਮਾਦ ਤੀਕ ਲਿਜਾਣ ਦੀ ਸ਼ਬਦ-ਸਮਰੱਥਾ ਹੈ।

ਦਿਲ ਵਿਹੜੇ ਲੰਘ ਆਈ, ਅੱਖੀਆਂ ਦੀ ਕੰਧ ਨੂੰ।
ਸਾਹਾਂ 'ਚ ਸਮੋਇਆ ਮੈਂ ਸੀ, ਫੁੱਲਾਂ ਦੀ ਸੁਗੰਧ ਨੂੰ।
ਮਸਾਂ ਚੜ੍ਹਿਆ ਸੀ ਵੱਖਰਾ ਖੁਮਾਰ।


ਕੱਲ੍ਹ ਤੱਕਿਆ ਮੈਂ ਸ਼ੀਸ਼ਾ ਤਾਂ ਹੈਰਾਨ ਹੋ ਗਈ।
ਨੀ ਮੈਂ ਸੱਚੀ ਮੁਰੀਂ ਅੜੀਓ ਜਵਾਨ ਹੋ ਗਈ।
ਰਾਤੀਂ ਸੁੱਤੀ ਚੰਗੀ ਭਲੀ, ਸੁਬ੍ਹਾ ਤੋਰ ਬਦਲੀ।
ਹੋਈ ਵੱਖਰੀ ਦੁਪਹਿਰੇ, ਸ਼ਾਮੀਂ ਹੋਰ ਬਦਲੀ।
ਪਹਿਲਾਂ ਧਰਤੀ ਸਾਂ ਹੁਣ ਅਸਾਮਨ ਗਈ।


ਦਾਰੂ ਦੇ ਪਿਆਲਿਆਂ 'ਚੋਂ ਸੁਖ ਭਾਲਦੈਂ।
ਤੂੰ ਕਿੱਡੇ ਸੋਹਣੇ ਸੋਹਣਿਆਂ ਭਰਮ ਪਾਲਦੈਂ।
ਛੱਡ ਝੂਠਿਆਂ ਸਹਾਰਿਆਂ ਦੀ ਝਾਕ ਸੱਜਣਾ।

ਮੰਗਲ ਮਦਾਨ ਦੀਆਂ ਗ਼ਜ਼ਲਾਂ ਵਿਚ ਲੋਕ-ਗੀਤਕ ਵਾਕੰਸ਼ਾਂ ਵਰਗਾ ਨਿੱਗਰ ਬਹੁਤ ਕੁਝ ਹੈ। ਸ਼ਿਅਰ ਪੜ੍ਹਦਿਆਂ ਇੰਝ ਲੱਗਦਾ ਹੈ ਜਿਵੇਂ ਸ਼ਹਿਦ ਦੇ ਘੁੱਟ ਭਰ ਰਹੇ ਹੋਈਏ। ਉਸ ਕੋਲ ਨਿਰੋਲ ਪੰਜਾਬ ਗ਼ਜ਼ਲ ਦੀ ਸੂਝ ਹੈ। ਇਹੀ ਕਾਰਨ ਹੈ ਕਿ ਉਹ ਵੱਡੀ ਤੋਂ ਵੱਡੀ ਗੱਲ ਵੀ ਸਹਿਜ-ਸੁਭਾਅ ਕਰ ਜਾਂਦਾ ਹੈ। ਦੂਜੇ ਕੰਨ ਪਤਾ ਨਹੀਂ ਲੱਗਣ ਦਿੰਦਾ। ਗ਼ਜ਼ਲ ਦੇ ਸ਼ਾਇਰ ਦੀ ਇਹੀ ਖੂਬਸੂਰਤੀ ਹੁੰਦੀ ਹੈ ਕਿ ਉਹ ਕਿਣਕੇ 'ਚੋਂ ਕਾਇਨਾਤ ਵਿਖਾ ਸਕਦਾ ਹੈ ਅਤੇ ਕਾਇਨਾਤ ਨੂੰ ਕਿਣਕੇ ਵਿੱਚ ਬੰਨ੍ਹ ਕੇ ਪੇਸ਼ ਕਰ ਸਕਦਾ ਹੈ।

ਆਇਆ ਕਰ ਸੁਪਨੇ ਦੇ ਵਾਂਗ,
ਫੁਰਨੇ ਵਾਂਗੂੰ ਫੁਰਿਆ ਕਰ।


ਹਰ ਵੇਲੇ ਮੁਸਕਾਣ ਦੀ ਕੋਸ਼ਿਸ਼ ਕਰਿਆ ਕਰ।
ਆਪਣਾ ਦਰਦ ਛੁਪਾਣ ਦੀ ਕੋਸ਼ਿਸ਼ ਕਰਿਆ ਕਰ।

41/ਸ਼ਬਦ ਮੰਗਲ