ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਠੀ ਖੂਹੀ ਮੰਗਲ ਛੱਡ,
ਮੰਗਲ ਗ੍ਰਹਿ ਤੇ ਕੋਠੀ ਪਾ।


ਆਪਣੇ ਘਰ ਬਹਿਕੇ ਵੀ ਹੁਣ ਇੰਝ ਹੀ ਲੱਗਦਾ ਰਹਿੰਦਾ ਹੈ,
ਜੀਕਣ ਘਰ ਦੀ ਥਾਂ ਤੇ ਬੈਠੇ ਹੋਈਏ ਸੋਗ-ਸਭਾਵਾਂ ਵਿੱਚ।


ਮੇਰੇ ਅੰਦਰੋਂ ਮੋਇਆ ਮੈਨੂੰ ਸ਼ਾਇਰ ਉਦੋਂ ਫਿਰ ਲੱਗੇ,
ਚੁੱਪ ਚੁਪੀਤਾ ਬੇਦੋਸ਼ ਦਾ, ਜਦ ਮੈਂ ਕਤਲ ਜ਼ਰਾ।


ਕੋਲ ਉਸਦੇ ਹੈ ਪਈ ਪੁਸਤਕ ਮੁਹੱਬਤ ਦੀ ਜਨਾਬ,
ਨੀਝ ਲਾ ਕੇ ਵੇਖਦਾ ਪਰ ਫੋਲਦਾ ਕੋਈ ਨਹੀਂ।


ਮੰਗਲ ਦਾ ਹੈ ਜਿਸ ਥਾਂ ਵਾਸਾ
ਮਿੱਠੀ ਖੂਹੀ ਪਾਣੀ ਖ਼ਾਰਾ।


ਜੇਰੇ ਸਾਡੇ ਪਾਣੀਓਂ ਪਤਲੇ,
ਵੇਖਣ ਨੂੰ ਅਸਮਾਨ ਜਹੇ ਹਾਂ।

ਸ਼ਾਇਰੀ ਵਕਤ ਦਾ ਦਸਤਾਵੇਜ਼ ਹੁੰਦੀ ਹੈ। ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਮੰਗਲ ਮਦਾਨ ਦੇ ਵਕਤ ਦੀ ਸਹੀ ਨਿਸ਼ਾਨਦੇਹੀ ਲਈ ਬੜੇ ਪਰਪੱਕ ਸ਼ਿਅਰ ਤੇ ਗੀਤ ਲਿਖੇ ਹਨ ਜਿਨ੍ਹਾਂ ਦਾ ਤੋੜ ਕਿਸੇ ਹੋਰ ਪਾਸ ਨਹੀਂ। ਉਹ ਆਪਣੇ ਵਰਗੇ ਗੀਤ ਲਿਖਦਾ ਸੀ, ਕਿਸੇ ਹੋਰ ਵਰਗੇ ਨਹੀਂ। ਉਸ ਦਾ ਕਾਫ਼ਲਾ ਇੱਕ ਪੁਰਖੀ ਸੀ।

ਮੈਨੂੰ ਵੀ ਪ੍ਰਸੰਨਤਾ ਹੈ ਕਿ ਉਸਦੇ ਸੁਲੱਗ ਪੁੱਤਰ ਰਿਸ਼ੀ ਹਿਰਦੇਪਾਲ ਨੇ ਸਪੁੱਤ ਬਣ ਕੇ ਬਾਪੂ ਦਾ ਬੋਹਲ ਸਾਂਭਿਆ ਹੈ।

ਮੈਂ ਇਸ ਪੁਸਤਕ ਦੇ ਪ੍ਰਕਾਸ਼ਨ ਤੇ ਮੁਬਾਰਕ ਦੇਣ ਦੇ ਨਾਲ ਨਾਲ ਇਹ ਵੀ ਕਾਮਨਾ ਕਰਦਾ ਹਾਂ ਕਿ ਇਸ ਪੁਸਤਕ ਨੂੰ ਪਾਠਕ ਚੰਗਾ ਹੁੰਗਾਰਾ ਦੇਣਗੇ।

ਗੁਰਭਜਨ ਗਿੱਲ
ਸਾਬਕਾ ਪ੍ਰਧਾਨ,
ਪੰਜਾਬੀ ਸਾਹਿਤ ਅਕੈਡਮੀ,
ਲੁਧਿਆਣਾ।

42/ਸ਼ਬਦ ਮੰਗਲ