ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢਲਦੇ ਸੂਰਜ ਪਿਆਰੇ ਮੇਰੇ ਬੇਲੀ ਨੇ
ਜਾਂ ਫਿਰ ਟੁੱਟਦੇ ਤਾਰੇ ਮੇਰੇ ਬੇਲੀ ਨੇ

ਹਿਜ਼ਰਤ ਕਰਕੇ ਜਿਹੜੇ ਜੰਗਲੋਂ ਆਏ ਹਨ
ਰੁਖ ਉਹ 'ਕੱਲੇ ਕਾਰੇ ਮੇਰੇ ਬੇਲੀ ਨੇ

ਮੰਜ਼ਿਲ ਖਾਤਿਰ ਜਿਹੜੇ ਪਲ-ਪਲ ਜੂਝ ਰਹੇ
ਰਾਹੀ ਥੱਕੇ ਹਾਰੇ, ਮੇਰੇ ਬੇਲੀ ਨੇ

ਮੌਤ ਜਿਹਾ ਨਾ ਮਿਲਿਆ ਮਿੱਤਰ ਅਜ ਤੀਕਰ
ਜੀਵਨ ਵਰਗੇ ਲਾਰੇ, ਮੇਰੇ ਬੇਲੀ ਨੇ

ਭੁੱਖ, ਬੇ-ਰੁਜ਼ਗਾਰੀ, ਹੰਝੂ, ਹੌਕੇ ਤੇ ਗ਼ਮ
ਹਾਂ ਸਾਰੇ ਦੇ ਸਾਰੇ, ਮੇਰੇ ਬੇਲੀ ਨੇ

ਮਿੱਠੀ ਖੂਹੀ ਦਾ ਪਾਣੀ ਪੀਦੈ ਨਿਤ 'ਮੰਗਲ'
ਐਪਰ ਪਾਣੀ ਖਾਰੇ, ਮੇਰੇ ਬੇਲੀ ਨੇ

54/ਸ਼ਬਦ ਮੰਗਲ