ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਵੇਲੇ ਮੁਸਕਾਣ ਦੀ ਕੋਸ਼ਿਸ਼ ਕਰਿਆ ਕਰ
ਆਪਣਾ ਦਰਦ ਛੁਪਾਣ ਦੀ ਕੋਸ਼ਿਸ਼ ਕਰਿਆ ਕਰ

ਨਾਲ ਸਮੇਂ ਦੇ ਤੁਰਿਆ ਕਰ ਤੂੰ ਹਿਕ ਤਣ ਕੇ
ਬੀਤੇ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਿਆ ਕਰ

ਬੇ-ਸਬੱਬ ਨਾ ਘੁੰਮਿਆ ਕਰ ਤੂੰ ਸ਼ਾਮ ਢਲੇ
ਵੇਲੇ ਸਿਰ ਘਰ ਆਣ ਦੀ ਕੋਸ਼ਿਸ਼ ਕਰਿਆ ਕਰ

ਤੇਰਾ ਕੋਈ ਅਖਵਾਵੇ ਇਸ ਤੋਂ ਪਹਿਲਾਂ ਹੀ
ਤੂੰ ਕਿਸੇ ਦਾ ਅਖਵਾਣ ਦੀ ਕੋਸ਼ਿਸ਼ ਕਰਿਆ ਕਰ

ਵੇਖੀ ਭੀੜ ਦਾ ਹਿੱਸਾ ਨਾ ਹੋ ਜਾਈਂ ਕਿਤੇ
ਦੂਰੋਂ ਲੁਤਫ਼ ਉਠਾਣ ਦੀ ਕੋਸ਼ਿਸ਼ ਕਰਿਆ ਕਰ

ਤੁਰਿਆ ਨਾ ਕਰ ਬਣਿਆਂ ਰਾਹਾਂ 'ਤੇ ਹਰਦਮ
ਵਖਰਾ ਰਾਹ ਬਣਾਉਣ ਦੀ ਕੋਸ਼ਿਸ਼ ਕਰਿਆ ਕਰ

ਵਾਦਾ ਕਰਕੇ ਹੋਵੀਂ ਨਾ ਸ਼ਰਮਿੰਦਾ ਤੂੰ
ਉਸਨੂੰ ਤੋੜ ਨਿਭਾਣ ਦੀ ਕੋਸ਼ਿਸ਼ ਕਰਿਆ ਕਰ

ਮੰਗਲ ਬਣਨਾ ਤੇਰੇ ਵਸ ਦਾ ਰੋਗ ਨਹੀਂ
ਅਪਣਾ ਮਨ ਸਮਝਾਣ ਦੀ ਕੋਸ਼ਿਸ਼ ਕਰਿਆ ਕਰ

63/ਸ਼ਬਦ ਮੰਗਲ