ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਸ ਇਕੋ ਗੱਲ ਆਖਾਂ ਵਾਰ-ਵਾਰ ਜੋਗੀਆ
ਮੈਨੂੰ ਛੱਡ ਕੇ ਨਾ ਜਾਵੀਂ ਉਸ ਪਾਰ ਜੋਗੀਆ

ਓਸ ਪਾਰ ਜਦ ਪੀਂਘ ਪਿਆਰ ਦੀ ਝੂਟੇ ਕੋਈ ਜਵਾਨੀ
ਗਲ ਉਹਦੇ ਵਿਚ ਪਾ ਦੇਂਦੇ ਨੇ ਮੌਤ ਦੀ ਕਾਲੀ ਗਾਨੀ
ਕੋਈ ਸੁਣਦੈ ਨਾ ਅਰਜ਼ ਪੁਕਾਰ ਜੋਗੀਆ, ਮੈਨੂੰ ਛੱਡ ਕੇ ਨਾ...

ਹੰਝੂ ਹੌਕੇ, ਪੀੜਾਂ ਤੇ ਗ਼ਮ ਓਸ ਪਾਰ ਦੇ ਵਾਸੀ,
ਹਾਸੇ,ਖੁਸੀਆਂ,ਚਾਅ ਤੇ ਖੇੜੇ ਕਦ ਦੇ ਹੋਏ ਨੇ ਬਨਵਾਸੀ
ਰਿਹਾ ਮਹਿਰਮ ਨਾ ਕੋਈ ਗਮਖ਼ਾਰ ਜੋਗੀਆ, ਮੈਨੂੰ ਛੱਡ ਕੇ ਨਾ...

ਸਤ ਸਮੁੰਦਰ ਪਾਰ ਗਏ ਤਾਂ ਮੁੜਦੇ ਵੇਖੇ ਰਾਹੀ
ਓਸ ਪਾਰ ਗਏ ਮੂਲ ਨਾ ਮੁੜਦੈ ਜਾਣੇ ਕੁਲ ਲੁਕਾਈ
ਮੇਰੀ ਗੱਲ ਦਾ ਤੂੰ ਕਰ ਇਤਬਾਰ ਜੋਗੀਆ, ਮੈਨੂੰ ਛੱਡ ਕੇ ਨਾ...

ਓਸ ਪਾਰ ਪਊ ਜਾਣਾ ਤੈਨੂੰ ਲਾਸ਼ ਮੇਰੀ ਤੋਂ ਲੰਘ ਕੇ
ਸੀਨੇ ਮੇਰੇ ਮਾਰ ਕੁਟਾਰੀ ਜਾਂ ਸੂਲੀ ਤੇ ਟੰਗ ਕੇ
ਗਵਾਹ ਮੰਗਲ ਨੂੰ ਰੱਖ ਵਿਚਕਾਰ ਜੋਗੀਆ, ਮੈਨੂੰ ਛੱਡ ਕੇ ਨਾ...

ਓਸ ਪਾਰ ਦੇ ਸੁਣ-ਸੁਣ ਕਿੱਸੇ ਰੂਹ ਮੇਰੀ ਕੰਬ ਜਾਵੇ
ਅਕਲ ਤੇਰੀ ਤੇ ਪੈ ਗਿਆ ਪਰਦਾ ਕੌਣ ਤੈਨੂੰ ਸਮਝਾਵੇ
ਕਿੱਸੇ ਬਹਿ ਕੇ ਤੂੰ ਸੁਣ ਦੋ ਚਾਰ ਜੋਗੀਆ, ਮੈਨੂੰ ਛੱਡ ਕੇ ਨਾ...

ਓਸ ਪਾਰ ਦੀਆਂ ਰੁੱਤਾਂ ਨਾਗਣ ਦਿਲ 'ਤੇ ਡੰਗ ਚਲਾਵਣ
ਰੂਪ ਹੰਢਾ ਕੇ ਫੁਲਾਂ ਦੇ ਫਿਰ ਮਹਿਕਾਂ ਮਾਰ ਮੁਕਾਵਣ
ਰੁੱਤ ਮਰਜੂਗੀ ਤੇਰੀ ਇਸ ਪਾਰ ਜੋਗੀਆ, ਮੈਨੂੰ ਛੱਡ ਕੇ ਨਾ...

72/ਸ਼ਬਦ ਮੰਗਲ