ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਅੱਖ ਮਸਤਨੀ, ਦੂਜਾ ਤੋਰ 'ਚ ਰਵਾਨੀ
ਜਵਾਨਾਂ 'ਚੋਂ ਜਵਾਨੀ ਲੋਕੋ ਲੱਭਦੇ ਫਿਰੋਗੇ

ਸੱਚੀ ਪਿਆਰ ਨਿਸ਼ਾਨੀ, ਉਹ ਰੁਮਾਲ ਅਤੇ ਗਾਨੀ
ਹਾਏ ਅੱਲੜ ਨਾਦਾਨੀ, ਲੋਕੋ ਲੱਭਦੇ ਫਿਰੋਗੇ

ਸੱਥਾਂ ਅਤੇ ਜੂਹਾਂ ਵਾਲੇ, ਪਿੰਡ ਛੱਪੜ ਤੇ ਖੂਹਾਂ ਵਾਲੇ
ਬੰਦੇ ਨੇਕ ਰੂਹਾਂ ਵਾਲੇ, ਲੋਕੋ ਲੱਭਦੇ ਫਿਰੋਗੇ

ਗਲੀ 'ਚੋਂ ਨਿਆਣਿਆਂ ਨੂੰ, ਘਰਾਂ 'ਚੋਂ ਸਿਆਣਿਆਂ ਨੂੰ
ਭੜੋਲਿਆਂ 'ਚੋਂ ਦਾਣਿਆਂ ਨੂੰ, ਲੋਕੋ ਲੱਭਦੇ ਫਿਰੋਗੇ

ਜੀ ਆਇਆ ਕਹਿਣ ਵਾਲੇ, ਬੁੱਕਲ 'ਚ ਲੈਣ ਵਾਲੇ
ਰੁਸ-ਰੁਸ ਬਹਿਣ ਵਾਲੇ, ਲੋਕੋ ਲੱਭਦੇ ਫਿਰੋਗੇ

ਮੋਢਾ ਅਰਥੀ ਨੂੰ ਦੇਣ ਲਈ ਗੱਲ ਦਿਲ ਵਾਲੀ ਕਹਿਣ ਲਈ
ਬੰਦੇ ਸੱਥਰ ਤੇ ਬਹਿਣ ਵਾਲੇ, ਲੋਕੋ ਲੱਭਦੇ ਫਿਰੋਗੇ

ਯਾਰੀਆਂ ਨਿਭਾਉਣ ਵਾਲੇ, ਵੈਰ ਕਮਾਉਣ ਵਾਲੇ
ਅੜੀਆਂ ਗਾਉਣ ਵਾਲੇ, ਲੋਕੋ ਲੱਭਦੇ ਫਿਰੋਗੇ

78/ਸ਼ਬਦ ਮੰਗਲ