ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੇ ਸਿਹਰੇ ਵਾਲਿਆ ਮੈਂ ਤੈਨੂੰ ਦੇਂਦਾ ਹਾਂ ਵਧਾਈਆਂ
ਅੱਜ ਅਰਸ਼ਾਂ ਤੋਂ ਪਰੀਆਂ ਵੀ ਫੁੱਲ ਲੈ ਕੇ ਆਈਆਂ

ਭੈਣਾ ਗੁੰਦੀ ਤੇਰੀ ਵਾਗ, ਨਾਲੇ ਭਾਬੀਆਂ ਸੁਹਾਗ
ਲਾ ਕੇ ਵੱਟਣਾ ਤੈਨੂੰ ਪਾਈਆਂ ਸੁਰਮ ਸਲਾਈਆਂ

ਬੇਬੇ ਸੁਰਗਾਂ 'ਚ ਹੱਸੇ, ਨਾਲੇ ਬਾਪੂ ਤਾਈਂ ਦੱਸੇ
ਮਾਰੇ ਖੁਸ਼ੀ ਦੇ ਦੋਹਾਂ ਦੀਆਂ ਅੱਖਾਂ ਭਰ ਆਈਆਂ

ਤੇਰੇ ਸਭ ਚਾਚੇ ਤਾਏ, ਪੂਰੇ ਰੰਗ ਵਿਚ ਆਏ
ਜਾਣ ਖਿੜ ਖਿੜ ਹੱਸੀ ਕੀ ਚਾਚੀਆਂ ਤੇ ਤਾਈਆਂ

ਲੈ ਕੇ ਮਾਮੀਆਂ ਨੂੰ ਨਾਲ ਮਾਮੇ ਪਾਉਂਦੇ ਨੇ ਧਮਾਲ
ਤਾਂਹੀਓ ਖੁਸ਼ੀਆਂ ਵੀ ਹੋਈਆਂ ਵੇਖੋ ਦੂਣ ਸਵਾਈਆਂ

ਤੇਰੇ ਛੋਟੇ ਯਾਰ ਬੇਲੀ, ਆਏ ਦੂਰੋਂ ਦੂਰੋਂ ਮੇਲੀ
ਸਾਰੇ ਰਲ ਮਿਲ ਨੱਚੇ ਖ਼ੂਬ ਰੌਣਕਾਂ ਨੇ ਲਾਈਆਂ

ਜੋੜੀ ਰੱਬ ਨੇ ਬਣਾਈ ਜਿਵੇਂ ਦੁੱਧ ਤੇ ਮਲਾਈ
ਰਹਿਣ ਸਦਾ ਦੋਵੇਂ ਕੱਠੇ ਕਦੇ ਪੈ ਨਾ ਜੁਦਾਈਆਂ

ਸਿਹਰਾ ਨਿੰਮੇ ਨੇ ਹੈ ਗਾਇਆ, ਸੁਰ ਪਿਆਰ ਵਾਲਾ ਲਾਇਆ
ਦੇਖੋ ਮੰਗਲ ਨੂੰ ਸਾਰੇ ਦੇਈ ਜਾਂਦੇ ਨੇ ਵਧਾਈਆਂ

81/ਸ਼ਬਦ ਮੰਗਲ