ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਤ ਦੀ ਅਵਸਥਾ ਵਾਂਗ ਚਿਤਰਦਾ ਹੈ, ਜਿਥੇ ਬੰਦੇ ਨੂੰ ਹਉਮੈ ਦੀ ਪਛਾਣ ਤਿਆਗਣੀ ਪੈਂਦੀ ਹੈ ਤੇ ਇਹੋ "ਜੋਗ" ਜਾਂ ਵਸਲ ਦੀ ਮੁੱਢਲੀ ਸ਼ਰਤ ਹੈ, ਜਿਸਨੂੰ ਬਾਲ ਨਾਥ ਦੇ ਬਹੁਤੇ ਚੇਲੇ ਪੂਰਾ ਨਹੀਂ ਕਰ ਪਾਉਂਦੇ ਤੇ ਜੋਗੀ ਦੇ ਨਾਲ ਰਹਿੰਦੇ ਹੋਏ ਵੀ ਜੋਗ ਤੋਂ ਦੂਰ ਰਹਿੰਦੇ ਹਨ। ਨਾਟਕ ਵਿਚਲੀ ਕਵਿਤਾ ਹੀਰ ਵਾਰਿਸ ਵਿਚੋਂ ਲਈ ਗਈ ਹੈ ਜੋ ਪੂਰੇ ਨਾਟਕ ਦੌਰਾਨ ਵਾਰਿਸ ਦੀ ਨਿਰਾਕਾਰ ਮੌਜੂਦਗੀ ਨੂੰ ਯਾਦ ਕਰਾਉਂਦੀ ਰਹਿੰਦੀ ਹੈ। ਸੂਚਨਾ ਤੇ ਗਿਆਨ ਪ੍ਰਧਾਨ ਜੁਗ ਵਿੱਚ ਵੀ ਬਲਰਾਮ ਨੇ ਇਹ ਕਹਿਣ ਦੀ ਹਿੰਮਤ ਕੀਤੀ ਹੈ ਕਿ ਜਗ ਦਾ ਮੁਲ ਸ਼ਰਾ ਜਾਂ ਗਿਆਨ ਨਹੀਂ ਸਗੋਂ ਇਸ਼ਕ ਹੈ।

ਇਸ ਨਾਟਕ ਦੀ ਪਹਿਲੀ ਪੇਸ਼ਕਾਰੀ ਅੰਮ੍ਰਿਤਸਰ ਦੀ ਨਾਟਸ਼ਾਲਾ ਵਿੱਚ ਹੋਈ ਸੀ, ਜਿਸਦਾ ਨਿਰਦੇਸ਼ਨ ਰਜਿੰਦਰ ਸਿੰਘ ਨੇ ਕੀਤਾ ਸੀ, ਜੋ ਕਿ ਨਵਾਂ-ਨਵਾਂ ਐਨ. ਐਸ. ਡੀ ਤੋਂ ਪੜ੍ਹ ਕੇ ਆਇਆ ਸੀ। ਨਾਟਕ ਦੀ ਵੇਸ਼ਭੂਸ਼ਾ, ਸੈੱਟ, ਲਾਈਟਿੰਗ ਤੇ ਨਿਰਤ ਦੀ ਵਿਉਂਤਕਾਰੀ ਵੀ ਐਨ. ਐਸ. ਡੀ ਦੇ ਹੀ ਸਾਬਕਾ ਵਿਦਿਆਰਥੀਆਂ ਦੀ ਸੀ। ਇਸਦਾ ਸੰਗੀਤ ਰਵੀ ਨੰਦਨ ਨੇ ਤਿਆਰ ਕੀਤਾ ਸੀ।

ਰੰਗਮੰਚ ਤੇ ਨਾਟਕ ਦੀਆਂ ਸਥਾਪਤ ਹਸਤੀਆਂ ਤੋਂ ਬਾਅਦ ਮੇਰਾ ਇਹ ਉਪਰਾਲਾ ਭਾਵੇਂ ਥੋੜਾ ਓਪਰਾ ਜਾਂ ਬੇਲੋੜਾ ਵੀ ਲੱਗ ਸਕਦਾ ਹੈ। ਪਰ ਫੇਰ ਵੀ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਹ ਕੋਸ਼ਿਸ਼ ਬਲਰਾਮ ਦੇ ਨਾਟਕਾਂ ਨੂੰ ਵਧੇਰੇ ਗਹਿਰਾਈ ਵਿੱਚ ਮਾਨਣ ਤੇ ਉਨ੍ਹਾਂ ਦਾ ਸੁਆਦ ਲੈਣ ਵਿੱਚ ਸਹਾਈ ਹੋਵੇਗੀ। ਬਲਰਾਮ ਦੀ ਕਲਮ ਕੋਲੋਂ ਸਾਡੀਆਂ ਉਮੀਦਾਂ ਵੱਡੀਆਂ ਹਨ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਪੰਜਾਬੀ ਨਾਟਕਾਰੀ ਨੂੰ ਨਵੇਂ ਕਲਾਤਮਕ ਤੇ ਦਾਰਸ਼ਨਿਕ ਦਿਸਹੱਦਿਆਂ ਤਾਂਈਂ ਲੈ ਕੇ ਜਾਵੇਗਾ।

ਯੋਗਰਾਜ

10 :: ਸ਼ਹਾਦਤੂ ਤੇ ਹੋਰ ਨਾਟਕ