ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅੰਦਰ ਫਟ ਜਾਏਗਾ ਜੇ ਮੈਂ ਚੁੱਪ ਰਿਹਾ ਤੇ..! ਸੌਂ ਨਹੀਂ ਸਕਦਾ, ਅੱਖਾਂ ਮੀਚਦਾਂ.. ਤਾਂ... ਸਿਵੇ ਈ ਸਿਵੇ ਦਿਖਦੇ ..., ਬੱਚਿਆਂ ਦੀ ਪਿਘਲਦੀ ਚਰਬੀ, ...ਬੋ ..ਸੜਾਂਦ! (ਉਸਦਾ ਦਮ ਘੁੱਟਦਾ ਹੈ)
ਨਬੀ ਖਾਂ
: ਹੁਕਮਰਾਨ ਤਾਂ ਸੁਣਿਆ ਨੇਕ ਰੂਹ ਹੈ, ਰਾਜਧਰਮ ਦੀ ਗੱਲ ਕਰਦਾ...
ਗਨੀ ਖਾਂ
: (ਟੁੱਟ ਕੇ ਪੈਂਦਾ) ਇਨ੍ਹਾਂ ਦਾ ਰਾਜਧਰਮ ਵੀ ਇਨ੍ਹਾਂ ਵਰਗਾ! ਨਿਰਾ ਮਖੌਟਾ ..., ਪਿੱਛੇ ਕੁਝ ਵੀ ਨਹੀਂ, ... ਜਿਹੜਾ ਮਾੜਾ ਮੋਟਾ ਵੀ ਧੜਕਦਾ ਹੋਵੇ। ਮੈਂ ਦੇਖਿਆ.., ਖ਼ੁਦ ਦੇਖਿਆ..! ਰਾਜ ...ਧਰਮਾਂ! (ਜਿਵੇਂ ਕੁਝ ਯਾਦ ਕਰ ਰਿਹਾ ਹੋਵੇ) ਜ਼ਰਾ ਵੀ ਤੇ ਨਹੀਂ ਬਦਲਿਆ! ... ਹਨੇਰੀਆਂ ਕੋਠੜੀਆਂ... ਸਿੱਲੀਆਂ... ਡਰੇ ਦੁਬਕੇ ਬੈਠੇ ਲੋਕ ..., ਗੱਡੀ ਦੀ ਅੱਗ ..., ਪਿਘਲਦੀ ਚਰਬੀ ਪੀਲੀ ਜਰਦੀ ਬਣ ਕੇ ਉਨ੍ਹਾਂ ਦੇ ਚੇਹਰਿਆਂ 'ਤੇ ਜੰਮ ਗਈ ਸੀ। ਇਤਿਹਾਸ ਅੱਖਾਂ 'ਚੋਂ ਕੰਬ ਰਿਹਾ ਸੀ, ਮੌਤ ਬਣ ਕੇ! ਰਾਜਧਰਮ ਵਾਲੇ ਸੌਂ ਕਿਵੇਂ ਜਾਂਦੇ। ਲਾ ਦਿੱਤਾ ਕਰਫ਼ਿਊ... ਨਾ ਸਾਰੇ ਸ਼ਹਿਰ ’ਤੇ ਨਹੀਂ! ਇਹ ਕਰਫਿਊ ਵੀ (ਹਰ ਸ਼ਬਦ 'ਤੇ ਜ਼ੋਰ ਦੇ ਕੇ) ਜਜ਼ੀਏ ਵਰਗਾ ਸੀ, ਸਿਰਫ਼ ਕੁਝ ਬਸਤੀਆਂ 'ਤੇ ਈ। (ਵਿਅੰਗ ਭਰੀ ਹਾਸੀ) ਥਾਵਾਂ ਅਦਲ-ਬਦਲ ਗਈਆਂ ਸੀ! ਭੀੜਾਂ ਜੁੜ ਜੁੜ ਕੇ ਉਸ ਬਸਤੀ 'ਤੇ ਧਾ ਪਈਆਂ, ਸਾਰਾ ਸ਼ਹਿਰ ਉਲਰਦਾ ਆ ਰਿਹਾ ਸੀ ਏਧਰ ਨੂੰ! ਭੀੜ ਨੇ ਅੱਗ ਲਾਈ ਤੇ ਬਾਕੀ ਕੰਮ ਕੀਤਾ ਪੁਲੀਸ ਨੇ, ਘੇਰਾ ਪਾ ਲਿਆ ਬਸਤੀ ਨੂੰ! ਬਸ ਮੱਚ ਪਈ, ਲਪਟਾਂ ਈ ਲਪਟਾਂ, ਬਲਦੇ ਭਾਂਬੜਾਂ 'ਚੋਂ ਬੁਰਕੇ ਸੰਭਾਲਦੀਆਂ ਤ੍ਰੀਮਤਾਂ ਬੱਚੇ ਕੁਛੜ ਮਾਰੀ ਬਾਹਰ ਵੱਲ ਦੌੜੀਆਂ...! (ਨਬੀ ਨੂੰ ਫੜ ਲੈਂਦਾ ਹੈ) ਮੋਹਰਿਓਂ ਰਾਜਧਰਮ ਵਾਲਿਆਂ... (ਜਿਵੇਂ ਗੋਲੀਆਂ ਵਜਦੀਆਂ ਹਨ) ਤਾੜ ਤਾੜ ਤਾੜ ਵਰਾ ਛੱਡੀਆਂ ਗੋਲੀਆਂ! ਡੰਕਾ ਵੱਜਿਆ... ਰਾਜਧਰਮ ਦਾ: "ਪੁਲੀਸ ਨੇ... ਦੰਗਈਆਂ ’ਤੇ ਗੋਲੀ ਚਲਾਈ! ਜਿਹੜਾ ਕਰਫ਼ਿਊ ਤੋੜਨ ਦੀ ਕੋਸ਼ਿਸ਼ ਕਰੇ... ਗੋਲੀ...!" (ਹੌਂਕਾ)
ਨਬੀ ਖਾਂ
: ਬਸ ਕਰ, ਬਸ ਕਰ! ਚੁੱਪ ਹੋ ਜਾ!
ਗਨੀ ਖਾਂ
: ਨਹੀਂ! ਬੋਲਣ ਦੇ ਮੈਨੂੰ! (ਆਲੇ ਦੁਆਲੇ ਖਲਾ 'ਚ ਦੇਖਦਾ ਹੋਇਆ) ਕੋਈ ਤਾਂ ਹੋਏਗਾ ਜੋ ਸੁਣਦਾ ਹੋਏਗਾ! ਅੱਬੂ ..., ਸਲਮਾ...! (ਸੁਣਦਾ ਹੈ) ਚੀਖ ਚਿਹਾੜਾ... ਥੋੜੀ ਚਿਰ ਦਾ... ਤੇ ਫੇਰ ਸੰਨਾਟਾ...! ਬਸਤੀ ਮੁੱਠੀ ਭਰ ਸੁਆਹ 'ਚ ਬਦਲ ਗਈ! ਡੰਕਾ ਰਾਜਧਰਮ ਦਾ ਫੇਰ ਬੋਲਿਆ: ਸਰਕਾਰ ਆਪਣਾ ਕੰਮ ਕਰ ਰਹੀ ਹੈ। ਛੱਤੀ ਘੰਟਿਆਂ ਦੇ ਅੰਦਰ ਅਮਨ ਕਾਇਮਾ!"
102:: ਸ਼ਹਾਦਤ ਤੇ ਹੋਰ ਨਾਟਕ