ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਂਗਾਂ ਨਾਲ ਇਸ ਪਾਵਨ ਹਵਾ ਨੂੰ ਦੂਸ਼ਤ ਕਰਨ ਦੀ ਕੋਸ਼ਿਸ਼ ਕਰੇਗਾ ..., ਆਪਣੀ ਹੋਣੀ ਲਈ ਉਹ ਖੁਦ ਹੀ ਜ਼ਿੰਮੇਦਾਰ ਹੋਵੇਗਾ! ਜੋ ਵੀ ਕੋਈ ਇਸ ਪੁੰਨ ਭੂਮੀ 'ਤੇ ਰਹਿਣਾ ਚਾਹੁੰਦਾ ਹੈ ਉਸਨੂੰ ਰਾਜਧਰਮ ਦਾ ਬਾਣਾ ਧਾਰਣਾ ਪਵੇਗਾ! ਉਸੇ ਦੀ ਬੋਲੀ ਬੋਲਣੀ ਪਵੇਗੀ। ਗੌਰਵ ਦਾ ਇਹ ਸੁਨੇਹਾ ਲੈ ਕੇ ਸਵਾਮੀ ਜੀ ਖ਼ੁਦ ਹਰ ਨਗਰ ਹਰ ਪਿੰਡ ਦੀ ਯਾਤਰਾ ਕਰ ਰਹੇ ਹਨ!
(ਢਿੰਢੋਰੇ ਵਾਲੇ ਦੇ ਪਿੱਛੇ ਪਿੱਛੇ ਭੀੜ ਮੰਚ 'ਤੇ ਦਾਖਿਲ ਹੁੰਦੀ ਹੈ। ਉਨ੍ਹਾਂ ਨੇ ਸਵਾਮੀ ਨੂੰ ਮੋਢਿਆਂ 'ਤੇ ਚੁੱਕਿਆ ਹੋਇਆ ਹੈ। ਸਵਾਮੀ ਫੁੱਲਾਂ ਨਾਲ ਲੱਦਿਆ ਹੈ ਤੇ ਸਭ ਨੂੰ ਹੱਥ ਜੋੜ ਰਿਹਾ ਹੈ। ਪਿੱਛੋਂ ਢੋਲ ਨਗਾੜੇ ਵੱਜ ਰਹੇ ਹਨ। ਫੁੱਲ ਬਰਸਾਏ ਜਾ ਰਹੇ ਹਨ।)
ਗਨੀ ਖਾਂ
: ਤੈਨੂੰ ਕੀ ਲਗਦਾ ਐ ਕਿ..ਉਸਨੂੰ ਖ਼ਬਰ ਹੀ ਨਹੀ ਹੋਇਗੀ ਇਸਦੀ?
(ਚੁੱਪੀ)
ਗਨੀ ਖਾਂ
: ਚਲ ਉਠ! ਹੁਣ ਇੱਥੇ ਰਹਿਣ ਦਾ ਕੋਈ ਧਰਮ ਨਹੀਂ! ਹਰ ਮੱਥੇ 'ਚ ਕੰਧ ਉੱਗੀ ਏ ਸਰਹਿੰਦ ਦੀ ਗੜੀ ਚਮਕੌਰ ਨਸਾਂ 'ਚ ਫ਼ਸੀ ਬੈਠੀ ਹੈ! ਖੂਨ 'ਚ ਹਥਿਆਰਾਂ ਦੇ ਬੀਅ ਜੜ੍ਹਾਂ ਫੜ ਗਏ! ਚਲ ਤੁਰ ਇੱਥੋਂ!
ਆਵਾਜ਼
:ਗਗਨ ਦਮਾਮਾ ਬਾਜਿਓ, ਪਰਿਹੋ ਨਿਸ਼ਾਨੇ ਘਾਓ!
ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ!!
ਨਬੀ ਖਾਂ
:ਨਹੀਂ ਗਨੀ! ਅਸੀਂ ਇੰਜ ਨਹੀਂ ਭੁੱਜਾਂਗੇ!
ਗਨੀ ਖਾਂ
: ਕਿੱਥੇ ਜਾਏਂਗਾ?
ਨਬੀ ਖਾਂ
: ਜਿੱਥੇ ਪੰਡਤ ਗਏ ਸੀ ਕਸ਼ਮੀਰ ਵਾਲੇ!
(ਗਨੀ ਖਾਂ ਉਸਦਾ ਮੂੰਹ ਤਕਦਾ ਰਹਿ ਜਾਂਦਾ ਹੈ।)
ਨਬੀ ਖਾਂ
:(ਉਤਸ਼ਾਹ ਨਾਲ) ਹਾਂ, ਅਸੀਂ ਇਸ ਜੁਗ ਨੂੰ ਜ਼ੁਬਾਨ ਦਿਆਂਗੇ! ਜੇ ਸੂਬਾ ਹੈ! ਗੰਗੂ ਦੋੜੇ ਫਿਰਦੇ ... ਤਾਂ ਉਹ ਉੱਚ ਦਾ ਪੀਰ ਵੀ ਕਿਤੇ ਹੋਏਗਾ!
ਗਨੀ ਖਾਂ
: ਕੀ ਗੱਲਾਂ ਕਰਦਾਂ, ਨਬੀ! ਉਸ ਨੂਰ ਨੂੰ ਗਿਆਂ ਤਾਂ ਜੁਗੜੇ ਹੋਏ!
ਨਬੀ ਖਾਂ
: ਪਰ ਖਾਲਸਾ!
(ਸੋਚ ਭਰੀ ਚੁੱਪ ਪਸਰਦੀ ਹੈ)
104:: ਸ਼ਹਾਦਤ ਤੇ ਹੋਰ ਨਾਟਕ