ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵ... ਜਿਹੜੇ ਤੱਤੀਆਂ ਤਵੀਆਂ 'ਤੇ ਬਹਿ ਗਏ!

(ਸਵਾਮੀ ਤੇ ਉਸਦਾ ਇੱਕ ਸਾਥੀ ਆਉਂਦੇ ਹਨ।)

ਸਵਾਮੀ

: ਫ਼ਤਿਹ ਬੁਲਾਉਂਦੇ ਆਂ... ਜਥੇਦਾਰ ਸਾਹਬ! ... ਹੋਰ ਚੜ੍ਹਦੀ ਕਲਾ ’ਚ।

ਜੱਥੇਦਾਰ

:(ਖੁਸ਼ ਹੋਣ ਦਾ ਨਾਟਕ ਕਰਦਾ ਹੈ) ਐਹ ਹੈ ਹੈ ਹੈ ਵਾਹ ਜੀ ਵਾਹ! ਕੀੜੀ ਘਰ ਨਰੈਣ ਆ ਗਏ ... ਚਲ ਕੇ! ਆਓ! ਵਾਹਿ ਗੁਰੂ ਜੀ ਦਾ ਖਾਲਸਾ ਤੇ ਵਾਹੇ ਗੁਰੂ ਜੀ ਦੀ ਫ਼ਤਿਹ। (ਜੈਕਾਰਾ ਬੁਲਾਉਂਦੇ ਹੋਏ ਗਲੇ ਮਿਲਦੇ ਹਨ।) ਗਰਮੀ ਓ ਬਹੁਤ ਐ। ਧੰਨ ਧੰਨ ਗੁਰੂ ਅਰਜਨ ਦੇਵ... (ਅਧੂਰਾ ਛੱਡ ਕੇ)। ਤੁਸੀਂ ਸੁਣਾਓ ਕਿਵੇਂ ਚਲ ਰਹੀ... ਓ ਗੌਰਵ ਯਾਤਰਾ!

ਸਵਾਮੀ

: ਫ਼ਤੇਹ ਈ ਫ਼ਤੇਹ ਆ ਜੀ ਹੁਣ ਤੇ। ਹੋ ਗਈ, ਬਸ ਦੇਖਦੇ ਜਾਓ ਹੁਣ ਤੁਸੀਂ। ਬਹੁਤ ਚਲਾ ਲਈਆਂ ਇਨ੍ਹਾਂ ਮੁਸਲਿਆਂ ਚੰਮ ਦੀਆਂ। ...ਕੀ ਗੱਲ ਔਖੇ ਜਿਹੇ ਲਗਦੇ ਹੋ!

ਜੱਥੇਦਾਰ

: (ਟਾਲਦਾ ਹੋਇਆ) ਓ ਨਹੀਂ ਜੀ..., ਗਰਮੀ ਓ ਬਾਹਲੀ ਐ! ਪਿੱਤ ਲੜਦੀ... (ਖੁਰਕਦਾ)

ਸਵਾਮੀ

: ਛੱਡੋ ਜੀ, ਅਸਲ 'ਚ ਆਦਤ ਹੋ ਗਈ ਏ.ਸੀ ਦੀ ਤੁਹਾਨੂੰ। ਸਰਦਾ ਨੀ ਹੁਣ।

ਜੱਥੇਦਾਰ

: ਹੋਰ ਕੀ ਜੀ। ਹੋਰ ਹੁਣ ਕੌਮ ਨੇ ਕੁਰਬਾਨੀਆਂ ਕਾਹਦੇ ਲਈ ਦਿੱਤੀਆਂ ਭਲਾ। (ਪੱਖੀ ਝਲਦਾ ਹੈ)

ਸਵਾਮੀ

: ਬਹੁਤ ਹੋਈਆਂ ਕੁਰਬਾਨੀਆਂ..., ਹੁਣ ਥੋੜੇ ਮਜ਼ੇ ਵੀ ਤੇ ਚਾਹੀਦੇ ਆ...(ਨਾਲ ਦੇ ਨੂੰ ਬਾਹਰ ਜਾਣ ਦਾ ਇਸ਼ਾਰਾ ਕਰਦਾ ਹੈ।)

: ਸਤ ਸ੍ਰੀ ਕਾਲ ਜੀ... ਮੈ ਜ਼ਰਾ...

ਜੱਥੇਦਾਰ

: ਸਾਸਰੀ ਕਾਲ ਜੀ ਸਾਸਰੀ ਕਾਲ! (ਜਾਂਦੇ ਹੋਏ ਦੇਖਦਾ ਹੈ। ਨੇੜੇ ਆਉਂਦੇ ਹੋਏ) ਇਹ ਤੁਸੀਂ ਸਿਆਣਪ ਕੀਤੀ।

ਸਵਾਮੀ

: (ਹਸਦਾ ਹੈ। ਚੰਗਾ ਹੁਣ ਦੱਸੋ ਨਰਾਜ਼ਗੀ ਕਾਹਦੀ ਐ।

ਜੱਥੇਦਾਰ

: (ਤੈਸ਼ 'ਚ) ਨਰਾਜ਼ਗੀ..., ਹੱਦ ਹੋ ਗਈ! ਪਾਣੀ ਸਿਰੋਂ ਟੱਪਿਆ ਪਿਆ...,ਤੇ ਗੱਲ ਕਰਦੇ ਓ ਤੁਸੀਂ... (ਫ਼ੋਨ ਵੱਜਦਾ ਹੈ) ਹਾਂ..., ਪਤਾ ਨਾ ਤੈਨੂੰ ਮੀਟਿੰਗ 'ਚ ਆਂ ਅਸੀਂ ..ਕੀ! ਫੇਰ ਆ ਗਏ ਉਹ। (ਗੁੱਸੇ 'ਚ ਖੜ੍ਹਾ ਹੋ ਜਾਂਦਾ ਹੈ।)

106:: ਸ਼ਹਾਦਤ ਤੇ ਹੋਰ ਨਾਟਕ