ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਉਹ ਇੱਥੇ ਪਹੁੰਚੇ ਕਿਵੇਂ। ਤੁਸੀਂ ਕਾਹਦੇ ਲਈ ਬੈਠੇ ਓ ਏਥੇ? (ਗੁੱਸੇ 'ਚ ਚੀਖ ਕੇ) ਓਹ ਪਾਗਲ ਨੇ ਸਿਰੇ ਦੇ..., ਪਾਗਲ। ਪਤਾ ਨੀ ਕਿਹੜੇ ਯੁੱਗ ਦੀਆਂ ਗੱਲਾਂ ਕਰਦੇ। ਉਨ੍ਹਾਂ ਦੀ ਥਾਂ ਪਾਗਲਖ਼ਾਨੇ 'ਚ ਐ ਪਾਗਲਖਾਨੇ 'ਚ। ਜੋ ਕਰਨਾ ਕਰੋ ਉਨ੍ਹਾਂ ਦਾ, ਹਾਂ ਸਾਡਾ ਵਕਤ ਖਰਾਬ ਨਾ ਕਰੋ! (ਫੋਨ ਕਟ ਦਿੰਦਾ ਹੈ) ਖਾਲਸਾ ਲਭਦੇ ਫਿਰਦੇ ਆ! ਹੰਆ! (ਪੱਖੀ ਝਲਦਾ ਹੈ।)

ਸਵਾਮੀ

:(ਸਮਝਣ ਦੀ ਕੋਸ਼ਿਸ਼ ਕਰਦਾ ਹੈ) ਕੀ ਗੱਲ ਹੋ ਗਈ ਜੱਥੇਦਾਰ ਸਾਹਿਬ! ਕੀਹਦੇ 'ਤੇ ਲਾਲ ਪੀਲੇ ਹੋਈ ਜਾਂਦੇ ਓ।

ਜੱਥੇਦਾਰ

: ਪਤਾ ਨੀ ਜੀ, ਛੱਡੋ ਤੁਸੀਂ..., ਕੰਮ ਦੀ ਗੱਲ ਕਰੋ। ਹੰਅ... ਖਾਲਸਾ? (ਚੇਹਰੇ ਤੇ ਪਰੇਸ਼ਾਨੀ) ਪਤਾ ਨੀ ਕਿੱਥੋਂ ਕਿੱਥੋਂ ਆ ਜਾਂਦੇ ਆ!

ਸਵਾਮੀ

: (ਚੇਹਰਾ ਪੜ੍ਹਦੇ ਹੋਏ) ਉਸੇ ਲਈ ਹਾਜ਼ਿਰ ਹੋਏ ਆਂ ਜੀ! ਹੁਕਮ ਕਰੋ...

ਜੱਥੇਦਾਰ

:ਹੁਕਮ ਕੀ ਜੀ ਤੁਸੀਂ ਤੇ ਅਰਜ਼ ਕਰਨ ਜੋਗੇ ਨੀ ਛੱਡੇ। ਖਹਿੜਾ ਛੁਡਾਉਣਾ ਔਖਾ ਹੋਇਆ ਪਿਆ। ਕੀ ਜਵਾਬ ਦੇਈਏ ਤੇ ਕੀਹਨੂੰ ਕੀਹਨੂੰ ... ਗਰਮੀ ਓ ਬਾਹਲੀ ਐ!

ਸਵਾਮੀ

: ਠੰਡੇ ਦਿਮਾਗ਼ ਤੋਂ ਕੰਮ ਲਓ ਜਨਾਬ! ਇਹ ਰਾਜਨੀਤੀ ਐ!

ਜੱਥੇਦਾਰ

:ਕਾਹਦੀ ਨੀਤੀ ਜੀ... ਦਿਵਾਲਾ ਨਿਕਲ ਗਿਆ ਸਾਡਾ 'ਤੇ! ਧੰਨ ਧੰਨ ਗੁਰੂ ਅਰਜਨ ਦੇਵ..! (ਸਵਾਮੀ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ) ਹਰ ਮੁਸੀਬਤ 'ਚ ਤੁਹਾਡਾ ਸਾਥ ਦਿੱਤਾ ਅਸੀਂ, ਮੋਹਰੇ ਹੋ ਕੇ। ਮਿਨਓਰਟੀ ਕਮਿਸ਼ਨ ਹੋਵੇ ਭਾਵੇਂ ਲੋਕਸਭਾ... ਮੂੰਹ ਨੀ ਖੋਲਿਆ ਕਦੇ! ਦੇਖਿਆ ਕਿਵੇਂ ਚੜ੍ਹ ਚੜ੍ਹ ਕੇ ਬੋਲਦੇ ਸੀ ਉਹ ਤੁਹਾਡੇ ਆਪਣੇ ਸਗੇ ਵਾਲੇ! ਤੇ ਮਿਲਿਆ ਕੀ...

ਸਵਾਮੀ

:ਏਸ 'ਚ ਤੁਹਾਡਾ ਵੀ ਤਾਂ ਫ਼ਾਇਦਾ ਐ ਜਨਾਬ!

ਜੱਥੇਦਾਰ

:ਫ਼ਾਇਦਾ! ... ਕਮਿਸ਼ਨ ਬਿਠਾ ਦਿੱਤਾ... ਅਖੇ ਇਨਕੁਆਰੀ ਕਰੋ ਕਿਹੜੇ ਕਿਹੜੇ ਸਕੈਂਡਲ...

ਸਵਾਮੀ

: ਓ ਹੋ, ਤਾਂ ਬੈਠਾ ਰਹਿਣ ਦਿਓ ... ਕਮਿਸ਼ਨ! ਤੁਹਾਨੂੰ ਕੁਝ ਕਹਿੰਦਾ!

ਜੱਥੇਦਾਰ

: (ਖੁਰਕਣ 'ਚ ਮਸਤ) ਨਾ ਤੁਸੀਂ ਦੱਸੋ! ਕਿਹੜਾ ਨੀ ਖਾਂਦਾ! (ਨਕਲੀ ਢਿੱਡ 'ਤੇ ਹੱਥ ਫੇਰ ਕੇ) ਢਿੱਡ ਤਾਂ ਆਖਰ ਸਭ ਨੂੰ ਈ ਲੱਗਾ। ਆਪਣੇ ਆਪ ਨੂੰ ਈ ਦੇਖ ਲਓ! ਅਸੀਂ ਚਾਰ ਬੁਰਕੀਆਂ ਵੱਧ ਖਾ ਲਈਆਂ ਤਾਂ ਕੀ ਨ੍ਹੇਰ ਆ

107:: ਸ਼ਹਾਦਤ ਤੇ ਹੋਰ ਨਾਟਕ