ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਆਵਾਜ਼ਗੀਤ
: ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥੧॥(ਗਨੀ ਖਾਂ ਤੇ ਨਬੀ ਖਾਂ ਹੌਲੀ ਹੌਲੀ ਆਪਣੇ ਚੋਗੇ ਉਤਾਰ ਕੇ ਰਖ ਦਿੰਦੇ ਹਨ ਤੇ ਗੌਰ ਨਾਲ ਉਨ੍ਹਾਂ ਵੱਲ ਦੇਖਦੇ ਹੋਏ ਬੋਲਦੇ ਹਨ ਜਿਵੇਂ ਪੜ੍ਹ ਰਹੇ ਹੋਣ।)
(ਜੱਥੇਦਾਰ ਤੇ ਸਵਾਮੀ ਦੀਆਂ ਅੱਖਾਂ 'ਚ ਚਮਕ ਆਉਂਦੀ ਹੈ)
ਜੱਥੇਦਾਰ
: ਕਮਾਲ ਹੋ ਗਈ (ਚੋਗਿਆਂ ਕੋਲ ਬੈਠਦਾ ਹੈ ਤੇ ਬੜੀ ਸ਼ਰਧਾ ਨਾਲ ਉਨ੍ਹਾਂ ਨੂੰ ਸਾਂਭਦਾ ਹੈ!) ਗਨੀ ਖਾਂ... ਨਬੀ ਖਾਂ! ਇਹ ਤੇ ਬੜੀ ਇਤਿਹਾਸਕ ਖੋਜ ਐ ਜੀ!
ਸਵਾਮੀ
: ਇਨ੍ਹਾਂ ਨੂੰ ਪੂਰੇ ਆਦਰ ਸਤਿਕਾਰ ਨਾਲ ਰੱਖਿਆ ਜਾਵੇਗਾ! ਇੱਕ ਨਵਾਂ ਅਜਾਇਬ ਘਰ ... ਬਣਾਓਗੇ ਤੁਸੀਂ ਤੇ... ਫੰਡ ਅਸੀਂ ਦਿਆਂਗੇ!
(ਦੋਹੇਂ ਹਸਦੇ ਹਨ। ਮੰਚ ਤੇ ਰੋਸ਼ਨੀ ਬਿਲਕੁਲ ਮੱਧਮ ਹੋ ਜਾਂਦੀ ਹੈ! ਗਨੀ ਤੇ ਨਬੀ ਨੂੰ ਛੱਡ ਕੇ ਸਭ ਬਾਹਰ ਜਾਂਦੇ ਹਨ। ਡਾਊਨ ਲੈਫ਼ਟ ਵਾਲੇ ਪਾਸਿਓਂ ਹੌਲੀ ਹੌਲੀ ਸੂਤਰਧਾਰ ਮੰਚ 'ਤੇ ਆਉਂਦਾ ਹੈ। ਸਾਈਕ ’ਤੇ ਜੈ ਬੋਲ ਜੈ ਬੋਲ ਵਾਲੀ ਭੀੜ ਦੇ ਉਹੀ ਪੁਰਾਣੇ ਸ਼ਿਲਟਸ ਉਭਰਦੇ ਹਨ। ਸ਼ਿਲਟਸ ਵਿੱਚ ਦੋ ਲੋਗ ਹੱਥਾਂ 'ਚ ਦੋ ਚੋਗੇ ਸੰਭਾਲੀ ਮੂਹਰੇ ਮੂਹਰੇ ਚੱਲ ਰਹੇ ਹਨ। ਭੀੜ ਦੇ ਹੱਥਾਂ 'ਚ ਢੋਲਕੀਆਂ, ਛੈਣੇ, ਚਿਮਟੇ ਤੇ ਖੜਤਾਲਾਂ ਵਰਗੇ ਸਾਜ ਹਨ ਸਾਈਕ ਹੌਲੀ ਹੌਲੀ ਆਫ਼ ਹੁੰਦੀ ਹੈ।)
ਗਨੀ ਖਾਂ
: (ਦੋਂਹੇ ਤੇੜੋਂ ਨੰਗੇ ਹਨ) ਨਬੀ!
ਨਬੀ ਖਾਂ
: ਹੂੰ!
ਗਨੀ ਖਾਂ
: ਚਲ ਚੱਲੀਏ।
ਨਬੀ ਖਾਂ
: ਕਿੱਥੇ?
101:: ਸ਼ਹਾਦਤ ਤੇ ਹੋਰ ਨਾਟਕ