ਮਿਲਿਆ ਸੀ। ਮੈਂ ਇਸ ਨਾਟਕ ਨੂੰ ਮੰਚ ਤੇ ਇੰਨਾ ਨਹੀਂ ਸਾਂ ਮਾਣ ਸਕਿਆ ਜਿੰਨਾ ਹੁਣ ਇਸਦਾ ਖਰੜਾ ਪੜ੍ਹਕੇ ਮਾਣਿਆ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਸ ਢੰਗ ਨਾਲ ਇਸ ਨਾਟਕ ਦੀ ਸਿਰਜਣਾ ਕੀਤੀ ਗਈ ਹੈ ਉਹ ਭਗਤ ਸਿੰਘ ਬਾਰੇ ਲਿਖੇ ਗਏ ਸਾਰੇ ਨਾਟਕਾਂ ਨਾਲੋਂ ਹਰ ਤਰ੍ਹਾਂ ਨਾਲ ਵਿਲੱਖਣਤਾ ਵਾਲਾ ਹੈ। ਵਿਸ਼ੇ ਤੋਂ ਲੈ ਕੇ ਰੂਪਕ ਪੱਖ ਤਕ ਸਭ ਕੁਝ ਵਖਰਾ ਹੈ। ਵਿਸ਼ੇ ਨੂੰ ਦਰਸਾਉਂਦਿਆਂ ਬਲਰਾਮ ਨੇ, ਇਤਿਹਾਸ, ਰਾਜਨੀਤੀ, ਲੋਕ-ਭਾਵਨਾ ਆਦਿ ਨੂੰ, ਸਭ ਕੁਝ ਦੇ ਸੁਮੇਲ ਨੂੰ ਬੌਧਿਕਤਾ ਦੀ ਚਾਸ਼ਨੀ ਵਿਚ ਡਬੋ ਕੇ ਇਕ ਨਿਵੇਕਲਾ ਰੰਗ ਦਿਤਾ ਹੈ ਅਤੇ ਬੌਧਿਕਤਾ ਭਾਰੂ ਵੀ ਨਹੀਂ ਹੋਣ ਦਿਤੀ। ਪਾਠਕਾਂ ਨਾਲ ਭਗਤ ਸਿੰਘ ਦਾ ਜਜ਼ਬਾਤੀ ਰਿਸ਼ਤਾ ਅਜੇਹਾ ਹੋਣ ਦੀ ਆਗਿਆ ਵੀ ਨਹੀਂ ਦਿੰਦਾ। ਨਾਟਕਕਾਰ ਨੇ ਇਹ ਰਚਨਾ ਰਚਦਿਆਂ ਲੋਕ-ਧਾਰਾ ਤੋਂ ਲੈ ਕੇ ਅਜੋਕੇ ਯੁਗ ਦੀ ਚੇਤਨਾ ਤਕ ਦਾ ਸਫ਼ਰ ਤਹਿ ਕੀਤਾ ਹੈ। ਜਿਸ ਢੰਗ ਨਾਲ ਉਸਨੇ ਘਟਨਾਵਾਂ ਦੀ ਕੜੀ ਨੂੰ ਜੋੜਿਆ ਹੈ ਉਸਤੋਂ ਸਹਿਜੇ ਹੀ ਪਤਾ ਚਲ ਜਾਂਦਾ ਹੈ ਕਿ ਨਾਟਕਾਰ ਨੇ ਭਗਤ ਸਿੰਘ ਦੇ ਜੀਵਨ ਅਤੇ ਉਸਦੇ ਤਤਕਾਲੀ ਸਮੇਂ ਨੂੰ ਗੌਰ ਨਾਲ ਘੋਖਿਆ ਹੀ ਨਹੀਂ ਉਸਦਾ ਮੰਥਨ ਵੀ ਕੀਤਾ ਹੈ।
ਸ਼ਹੀਦ ਭਗਤ ਸਿੰਘ ਨਾਲ ਸਬੰਧਤ ਲਿਖੇ ਬਹੁਤੇ ਨਾਟਕਾਂ ਵਿੱਚ ਵਿਚਾਰਧਾਰਕ ਸਪਸ਼ਟਤਾ ਦੀ ਅਣਹੋਂਦ ਕਾਰਨ ਲੇਖਕਾਂ ਨੇ ਭਗਤ ਸਿੰਘ ਦੀ ਸੋਚ ਨੂੰ ਧੁੰਦਲਾ ਕੇ ਪੇਸ਼ ਕੀਤਾ ਹੈ। ਉਹਨਾਂ ਲਿਖਤਾਂ ਵਿਚ ਜਜ਼ਬਾਤ ਭਾਰੂ ਹਨ। ਮਨੁੱਖੀ ਜਜ਼ਬਿਆ ਦਾ ਪ੍ਰਗਟਾਓ ਜ਼ਰੂਰੀ ਹੈ। ਪਰ ਅੰਧਾ-ਧੁੰਦ ਨਹੀਂ। ਜਜ਼ਬਿਆ ਪਿੱਛੇ ਨਿੱਗਰ ਸੋਚ ਦਾ ਹੋਣਾ ਵੀ ਜ਼ਰੂਰੀ ਹੈ।
ਬਲਰਾਮ ਦੇ ਨਾਟਕ ਵਿਚ ਭਗਤ ਸਿੰਘ ਦਾ ਰੂਪ ਇਕ ਚੇਤੰਨ ਰਾਜਸੀ ਵਿਚਾਰਧਾਰਕ ਵਾਲਾ ਹੋ ਕੇ ਉਭਰਦਾ ਹੈ। ਉਹ ਗਾਂਧੀ ਜਾਂ ਸਮਕਾਲੀ ਲੀਡਰਾਂ ਨੂੰ ਐਵੇਂ ਹੀ ਨਹੀਂ ਦੁਰਕਾਰ ਦਿੰਦਾ। ਉਹ ਸਮਕਾਲੀ ਰਾਜਸੀ ਲੀਡਰਾਂ ਦਾ ਤਰਕ ਸਹਿਤ ਵਿਸ਼ਲੇਸ਼ਣ ਕਰਦਾ ਹੈ। ਉਦਾਹਰਣ ਦੇ ਤੌਰ ਤੇ ਉਹ ਗਾਂਧੀ ਦੇ ਪ੍ਰਸਿਧ ਭਜਨ "ਵੈਸ਼ਨ ਜਨ ਤੋਂ ਤੋਹੇ ਕਹੀਏ, ਜੋ ਪੀਰ ਪਰਾਈ ਜਾਨੇ ਰੇ" ਨੂੰ ਜਤਿਨ ਦਾਸ ਦੀ ਮੌਤ ਤੇ ਢੁਕਾ ਕੇ ਕਟਾਕਸ਼ ਕਰਦਾ ਹੈ ਕਿ ਪਰਾਇਆਂ ਦੀ ਹੀ ਕਿਓਂ? ਆਪਣਿਆਂ ਦੀ ਪੀੜ ਕੀ ਪੀੜ ਨਹੀਂ ਹੁੰਦੀ? ਨਾਟਕਕਾਰ ਮਹਾਤਮਾ ਨੂੰ ਉਸਦੀ ਅਪਣੇ ਵਿਚਾਰਧਾਰਾ ਵਿਚ ਰਖਕੇ ਹੀ ਉਸਦਾ ਖੰਡਨ ਕਰਦਾ ਹੈ। ਨਾਟਕਕਾਰ ਨੇ ਭਗਤ ਸਿੰਘ ਅਤੇ ਉਸਦੇ ਵਿਰੋਧੀ ਵਿਚਾਰਧਾਰਾ ਰਖਦੇ ਪਾਤਰਾਂ ਨੂੰ ਬੜੇ ਸਮਤੋਲ ਨਾਲ ਸਿਰਜਿਆ ਹੈ, ਜਿਸ ਵਿਚ ਮਹਾਤਮਾ ਗਾਂਧੀ ਅਤੇ ਲਾਲਾ ਲਾਜਪਤ ਰਾਏ ਦੀ ਭਗਤ ਸਿੰਘ ਨਾਲ ਵਿਚਾਰਧਾਰਕ ਟੱਕਰ ਵੀ ਹੈ ਉਸਦੇ ਨਾਲ ਹੀ ਉਠ ਰਹੀ ਕਮਿਊਨਿਸਟ ਲਹਿਰ ਵਲ ਬਰਤਾਨੀਆ ਸਰਕਾਰ ਦੇ ਨਜ਼ਰਈਏ ਨੂੰ ਵੀ ਪਰਗਟ ਕਰਦਾ ਹੈ। ਉਹ ਅਸੈਂਬਲੀ ਵਿਚ ਮੋਤੀ ਲਾਲ ਨਹਿਰੂ ਅਤੇ ਜਿਨਾਹ ਦੀ ਉਪਸਿਥਤਾ, ਪਰ ਉਹਨਾਂ ਵਲੋਂ ਕੁਝ ਨਾ ਕਰ ਸਕਣ ਦੀ ਅਸਮਰੱਥਤਾ 'ਤੇ ਵੀ ਊਂਗਲ ਉਠਾਉਂਦਾ ਹੈ। ਪਰ ਨਾਲ ਹੀ ਭਗਤ ਸਿੰਘ ਵਲੋਂ ਗਾਂਧੀ ਦੀ ਉਪਮਾ ਵੀ ਕਰਵਾਉਂਦਾ ਹੈ ਕਿ "ਅਸੀਂ ਮਹਾਤਮਾ ਦੇ ਪੈਰੋਕਾਰ ਤਾਂ ਨਹੀਂ ਪਰ ਉਸਦੇ ਰੋਲ ਨੂੰ ਉੱਕਾ ਹੀ ਨਕਾਰ ਦੇਈਏ, ਇੰਨੇ ਨਾ-ਸ਼ੁਕਰੇ ਵੀ ਨਹੀਂ"।
14 :: ਸ਼ਹਾਦਤ ਤੇ ਹੋਰ ਨਾਟਕ