ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਨਬੀ

 : ਪੌੜੀ ਤਾਂ ਉਹੀ ਹੈ, ਉਪਰ ਜਾਣਾ ਜਾਂ ਥੱਲੇ ਫੈਸਲਾ ਤੇਰਾ। ਦੇਖ-ਦੇਖ।

(ਪੂਰੇ ਮੰਚ 'ਤੇ ਤੇਜੀ ਨਾਲ ਘੁੰਮਦਾ ਹੈ। ਚਾਰੇ ਪਾਸਿਓਂ ਵੱਖ-ਵੱਖ ਝੰਡਿਆਂ ਅਤੇ ਬੈਨਰਾਂ ਵਾਲੇ ਲੋਕ ਭਗਤ ਸਿੰਘ ਨੂੰ ਘੇਰ ਲੈਂਦੇ ਹਨ। ਅਲੱਗ-ਅਲੱਗ ਕਿਰਦਾਰਾਂ ਦੇ ਨਾਲ ਭਗਤ ਸਿੰਘ ਦੀਆਂ ਤਸਵੀਰਾਂ ਵੀ ਹਨ। ਕੁਝ ਪ੍ਰਚਲਿਤ ਕੌਮੀ ’ਤੇ ਧਾਰਮਿਕ ਨਿਸ਼ਾਨ।)

ਕੋਰਸ

 : ਸ਼ਹੀਦ ਜੋ ਜੰਮਦੇ ਸਦਾ... ਮੌੜ ਦੀ ਕੁੱਖ 'ਚੋਂ। ਰਾਜ ਕਰਦੇ ਨੇ ਲਰਜ਼ਦੀਆਂ ਸੂਲੀਆਂ ਤੋਂ, ਝੂਲਦੇ ਫੰਦਿਆਂ ਤੋਂ, ਮੀਨਾਰਾਂ ਤੋਂ ਮਕਬਰਿਆਂ ਤੋਂ ਧੜਕਦੇ, ਜੋ ਹਮੇਸ਼ਾ ਜਿਉਂਦੀਆਂ ਹਿੱਕਾਂ ਦੇ ਅੰਦਰ, ਲਾਟ ਬਣ ਕੇ ਘੁੰਮਦੀਆਂ ਚਰਖੜੀਆਂ ਤੋਂ, ਤੇਜ਼ ਰੋਅ ਆਰਿਆ ਤੋਂ ਔਲ੍ਹਦੇ, ਵਿਚਾਰਾਂ ਨੂੰ ਜਜ਼ਬਿਆਂ ਨੂੰ ਹਿਲੂਣ ਜਾਂਦੇ, ਇੰਝ ਸ਼ਹੀਦ ਜੰਮਦੇ, ਤੇ ਤਵਾਰੀਖ ਘੁਟਨੇ ਟੇਕ ਦਿੰਦੀ..., ਰਾਜ ਕਰਦੇ ਸ਼ਹੀਦ ਉਸ ਦੇ ਮੋਢਿਆਂ 'ਤੇ ਸਵਾਰ ਹੋ... ਲੈ ਕੇ ਹੱਥਾਂ ਵਿਚ ਉਸ ਦੀ ਲਗਾਮ..., ਹਿੱਕਦੇ ਉਸ ਨੂੰ ਸੁਫਨਿਆਂ ਦੀ ਦਿਸ਼ਾ ਵੱਲ। ਸ਼ਹੀਦ ਜੰਮਦੇ ਸਦਾ ਮੌਤ ਦੀ ਕੁੱਖ ਚੋਂ।

(ਭਗਤ ਸਿੰਘ ਹੈਰਾਨ ਪਰੇਸ਼ਾਨ ਉਨ੍ਹਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਕਾਮਯਾਬ ਨਹੀਂ ਹੁੰਦਾ। ਅਜਨਬੀ ਵੀ ਮਦਦ ਦੀ ਨਕਾਮ ਕੋਸ਼ਿਸ਼ ਕਰਦਾ ਹੈ। ਭਗਤ ਸਿੰਘ ਇੱਕਲੇ-ਇੱਕਲੇ ਦਾ ਮਾਸਕ ਉਲਟ-ਪੁਲਟ ਕੇ ਦੇਖਦਾ ਹੈ ਤੇ ਫੇਰ ਨਿਰਾਸ਼ ਹੋ ਕੇ ਅਜਨਬੀ ਨੂੰ ਆਵਾਜ਼ਾਂ ਮਾਰਦਾ ਹੈ।)

ਭਗਤ ਸਿੰਘ

 : ਇਹ ਤੂੰ ਮੈਨੂੰ ਕਿੱਥੇ ਫਸਾ ਦਿੱਤਾ... ਕੱਚ ਇੱਥੋਂ...।

ਅਜਨਬੀ

 : (ਕੋਰਸ ਤੋਂ ਧੱਕੇ ਖਾਂਦਾ ਹੈ।) ਮੈਂ ਕੀ ਕਰ ਸਕਦਾਂ... ਤੇਰੀ ਆਪਣੀ ਓ ਸਹੇੜ ਹੈ।

ਗੀਤ

 : ਗੋਰਾ ਮਾਰਿਆ ਹੋ ਸਿਖਰ ਦੁਪਿਹਰੇ, ਹੋ ਗੋਰਾ ਮਾਰਿਆ। ਕਿ ਥਰ-ਥਰ ਕੰਬੇ ਧਰਤੀ ਲੰਦਨ ਦੀ- ਲੰਦਨ ਦੀ! ਸੇਹਰਾ ਲਾ ਲਿਆ ਸਵਾਰੀ ਸਜ ਗਈ-ਸੇਹਰਾ ਲਾ ਲਿਆ। ਕਿ ਮੌਤ ਵਾਲੀ ਘੋੜੀ ਚੜਨਾ-ਸੱਜਣ ਜੀ--।

(ਕੋਰਸ ਵਾਲੇ ਚਲੇ ਜਾਂਦੇ ਹਨ। ਭਗਤ ਸਿੰਘ ਇਕ ਪਾਸੇ ਜਾ ਕੇ ਸਿਰ ਫੜ ਕੇ ਬੈਠ ਜਾਂਦਾ ਹੈ। ਅਜਨਬੀ ਉਸ ਕੋਲ ਜਾਂਦਾ ਹੈ।)

20 :: ਸ਼ਹਾਦਤ ਤੇ ਹੋਰ ਨਾਟਕ