ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਫ਼ਸਰ
: (ਚੁਕੰਨਾ ਹੋ ਕੇ ਚੁਫੇਰੇ ਦੇਖਦੇ ਹੋਏ) ਕੋਈ ਨਹੀਂ ਯਹਾਂ। ਟੁਮਾਰਾ ਵਹਿਮ ਹੈ। ਟੁਮਾਰਾ ਡਰ ਮਾਈ ਚਾਈਲਡ।
(ਹੌਂਸਲਾ ਦਿੰਦੇ ਹੋਏ ਬਾਹਰ ਲੈ ਕੇ ਜਾਂਦਾ ਹੈ। ਰੌਸ਼ਨੀ ਦੂਜੇ ਪਾਸੇ ਰਾਜਗੁਰੂ 'ਤੇ ਪੈਂਦੀ ਹੈ। ਜੋ ਇੱਕ ਟਰੰਕ 'ਤੇ ਸਟਿਕਰ ਚਿਪਕਾ ਰਿਹਾ ਹੈ। ਭਗਤ ਸਿੰਘ ਬੇਚੈਨ ਘੁੰਮ ਰਿਹਾ ਹੈ।)
ਰਾਜਗੁਰੂ
:(ਟਰੰਕ ਵੱਲ ਦੇਖਦੇ ਹੋਏ ) ਹੁਣ ਬਣੀ ਨਾ ਅਫ਼ਸਰਾਂ ਵਾਲੀ ਗੱਲ-
(ਪਿਸਤੌਲ ਚੈਕ ਕਰਕੇ ਮੁੜ ਡੱਬ 'ਚ ਰੱਖਦਾ ਹੈ। ਟਰੰਕ ਚੁੱਕ ਕੇ ਬਾਹਰ ਜਾਂਦਾ ਹੈ। ਅਜਨਬੀ ਨੂੰ ਆਉਂਦੇ ਦੇਖ ਕੇ ਭਗਤ ਸਿੰਘ ਉਸ ਨੂੰ ਖਿੱਚ ਕੇ ਅੱਗੇ ਲੈ ਕੇ ਆਉਂਦਾ ਹੈ।)
ਭਗਤ
: ਸ਼ਿੱਦਤ ਨਾਲ, ਜਿਵੇਂ ਬੜੀ ਦੇਰ ਦਾ ਲਭ ਰਿਹਾ ਹੋਵੇ) ਕਿੱਥੇ ਗਿਆ ਸੀ ਤੂੰ-?
ਅਜਨਬੀ
:ਸਾਂਡਰਸ ਦੇ ਜਨਾਜੇ 'ਚ ...। (ਚੁੱਪੀ) ਤੇਰਾ ਅਧੂਰਾ ਕੰਮ-ਪੂਰਾ ਕਰਨ। (ਕਾਹਲੀ ਨਾਲ) ਤੈਨੂੰ ਵੀ ਤੇ ਅਫ਼ਸੋਸ ਸੀ।
ਭਗਤ
: (ਇਕਦਮ ਕੱਟਦਾ ਹੈ।) ਬੰਦ ਕਰ ਇਹ ਸ਼ੇਖਚਿੱਲੀਆਂ ਵਾਲੀਆਂ ਗੱਲਾਂ। (ਚੁੱਪੀ) ਮੈਨੂੰ ਕੋਈ ਅਫ਼ਸੋਸ ਨਹੀਂ, ਉਹ ਇਸ ਸਿਸਟਮ ਦਾ ਹਿੱਸਾ ਸੀ-ਬੱਸ।
ਅਜਨਬੀ
:ਹੋਰ ਵੀ ਤਾਂ ਸੀ ਕੁਝ, ਕਿਸੇ ਦਾ ਮੰਗੇਤਰ, ਕਿਸੇ ਦਾ ਆਸ਼ਕ-, ਮਰਨਾ ਤੇ ਸਭ ਨੂੰ ਈ... ਪੈਂਦਾ।
ਭਗਤ
: ਫੇਰ ਕੀ ਕਰਦੇ ਅਸੀਂ, ਕੋਈ ਵੀ ਕਰੇਗਾ, ਜਿਸ ਦੇ ਸਾਹਮਣੇ, ਉਸ ਦੇ ਬਜ਼ੁਰਗ ਪਿਓ ਨੂੰ, ਇੱਕ ਦੋ ਟਕੇ ਦਾ ਪੁਲਸੀਆ, ਕੁੱਟ ਕੁੱਟ ਕੇ ਮਾਰ ਸੁੱਟੇ, ਡੰਗਰਾਂ ਵਾਂਗ..., ਸਿਰ ਫੇਹ ਸੁੱਟੇ...। (ਸੋਚਦੇ ਹੋਏ) ਕੀ ਰਿਸ਼ਤਾ ਸੀ ਸਾਡਾ ਲਾਲਾ ਜੀ ਨਾਲ ..., ਉਨ੍ਹਾਂ ਦਾ 'ਹਿੰਦੂ ਇੰਡੀਆ' ... 'ਮੁਸਲਿਮ ਇੰਡੀਆ' ਦਾ ਖਿਆਲ ਵੀ ਸਾਨੂੰ ਕੰਬਣੀ ਛੇੜ ਦਿੰਦਾ। ਪਰ ਇਹ ਮੌਕਾ ਸੀ- ਲੋਕਾਂ 'ਚ ਹਾਜ਼ਰੀ ਲਵਾਉਣ ਦਾ। ਸਭ ਅੰਦਰੋਂ ਅੰਦਰ ਰਿੱਝਦੇ.., ਪਰ ਕੁਸਕਦਾ ਕੋਈ ਨਹੀਂ, ਦੰਦਲ ਪਈ ਸੀ ਸਭ ਨੂੰ...। ਕਿਸੇ ਨੂੰ ਤੋੜਨੀ ਹੀ ਪੈਣੀ ਸੀ-। ਹੋਰ ਚਾਰਾ ਵੀ ਕੀ ਸੀ-। (ਚੁੱਪੀ) ਕਿਸੇ ਨੂੰ ਤੇ ਕੀਮਤ ਦੇਣੀ ਹੀ ਪੈਣੀ ਸੀ। ਲਾਲਾ ਜੀ ਨੂੰ ਤੇ ਸਾਡੀ ਖੁਸ਼ਬੂ ਤੱਕ ਵੀ ਬਰਦਾਸ਼ਤ ਨਹੀਂ ਸੀ। ਹਰ ਗੱਲ 'ਚੋਂ ਰੂਸੀ
27 :: ਸ਼ਹਾਦਤ ਤੇ ਹੋਰ ਨਾਟਕ