ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ... ਉੱਪਰੋਂ ਉੱਪਰੋਂ-। ਸੁਖਦੇਵ ਹੁੰਦਾ ਤਾਂ ਰੱਜ ਕੇ ਮਜ਼ਾਕ ਉਡਾਂਦਾ ਮੇਰਾ। ਇਹ ਜਜ਼ਬਾਤ ਉਸ ਨੂੰ ਉੱਕਾ ਈ ਪਸੰਦ ਨਹੀਂ ਸਨ--, ਇਸ ਕਮਜ਼ੋਰੀ ਦੀ ਉਸ ਦੀ ਜ਼ਿੰਦਗੀ 'ਚ ਕੋਈ ਥਾਂ ਨਹੀਂ ਸੀ, ਜੇਲ ਜਾਣ ਤੋਂ ਪਹਿਲਾਂ ਤਾਂ ਸ਼ੈਦ ਬਿਲਕੁਲ ਹੀ ਨਹੀਂ।

(ਚੁੱਪੀ)

(ਗੱਡੀ ਦੀ ਵਿਸਲ)।

ਗੱਡੀ ਤੁਰ ਪਈ...। ਹੌਲੀ-ਹੌਲੀ ਰਫ਼ਤਾਰ ਫੜਦੀ। ਕੁਝ ਗੋਰੇ ਆਪਣੀਆਂ ਮੇਮਾਂ ਨੂੰ ਹੱਥ ਹਿੱਲਾ ਰਹੇ ਸੀ। ਬੱਚਾ ਸੋਂ ਗਿਆ। ਦੁਰਗਾ ਤਾਂ ਉਵੇਂ ਈ ਸੀ, ਜਿਵੇਂ ਕੁਝ ਹੋਇਆ ਈ ਨਹੀਂ। ਵਿੱਚ-ਵਿੱਚ ਮੈਨੂੰ ਵੀ ਸ਼ਾਂਤ ਰਹਿਣ ਦਾ ਇਸ਼ਾਰਾ ਕਰਦੀ। ਉਸ ਦਾ ਇਹ ਰੂਪ ਮੇਰੇ ਲਈ ਬਿਲਕੁਲ ਨਵਾਂ ਸੀ-। ਉਹ ਵੀ ਮੈਨੂੰ ਨਿਰਾ ਇਨਕਲਾਬੀ ਹੀ ਸਮਝਦੀ ਸੀ... ਜਜ਼ਬਾਤਾਂ ਤੋਂ ਕੋਰਾ। ਪਰ ਮੈਂ ਦਿਲ ਦੀ ਕੂਲੀ ਧੜਕਨ ਵੀ ਸਮਝਦਾ, ਬਹੁਤ ਮਾਇਨੇ ਸੀ ਉਸ ਦੇ ਮੇਰੇ ਲਈ... ਬਹੁਤ ਕੀਮਤ ...

(ਖਾਮੋਸ਼ੀ। ਟਰੇਨ ਦੀ ਆਵਾਜ਼) (ਹੌਂਕਾ)

ਚਾਲੀ ਘੰਟੇ ਦਾ ਸਫ਼ਰ ...। ਦੋ ਵਾਰ ਰਾਤ ਹੋਈ..., ਘੁੱਪ ਹਨੇਰਾ..., ਟਾਵਾਂ ਟਾਵਾਂ ਤਾਰਾ..., ਦੂਰ ਖੇਤਾਂ 'ਚ ਕੋਈ ਗਾ ਰਿਹਾ ਸੀ... ਵਿਸਮਾਦੀ... ਉਦਾਸ ਸੁਰ 'ਚ...। ਪਤਾ ਨਹੀਂ ਕਿੰਨੀ ਦੇਰ ਸੁਣਦਾ ਰਿਹਾ...। ਨੀਂਦ ਦੋਹਾਂ ਤੋਂ ਕੋਹਾਂ ਦੂਰ ਸੀ...। ਦੁਰਗਾ ਵੀ ਜਾਗ ਰਹੀ ਸੀ। (ਚੁੱਪੀ) ਉਹ ਸੁਖਦੇਵ ਬਾਰੇ ਗੱਲਾਂ ਕਰਦੀ, ਘੋਖ-ਘੋਖ ਕੇ ਪੁੱਛ ਰਹੀ ਸੀ ਉਸ ਬਾਰੇ ..., ਮੈਂ ਉਸ ਦੇ ਨੇੜੇ ਕਿਵੇਂ ਆਇਆ, ਕਦੋਂ... ਕਿੱਥੇ? (ਮੁਸਕਰਾਂਦਾ ਹੈ।) ਅਸੀਂ ਤਾਂ ਕਾਲਜ ਤੋਂ ਹੀ ਇੱਕਠੇ ਸੀ-ਦੋਸਤ। ਵਿਚਾਰਾਂ ਦੇ ਫ਼ਾਸਲੇ ਘੱਟਦੇ ਵੱਧਦੇ ..., ਪਰ ਅਸੀਂ ਇਕੱਠੇ ਸੀ, ਆਖਰੀ ਦਮ ਤੱਕ। ਪਤਾ ਨਹੀਂ ਕਿਉਂ ... ਉਸ ਨੂੰ ਸੁਖਦੇਵ ਪਸੰਦ ਨਹੀਂ ਸੀ।

(ਚੁੱਪੀ)

ਉਸ ਸਫ਼ਰ ਨੇ ਸਾਨੂੰ ਬਹੁਤ ਨੇੜੇ ਲੈ ਆਉਂਦਾ..., ਬਹੁਤ ਨੇੜੇ। ਸ਼ਾਇਦ ਹਾਲਾਤ ਹੀ ਸੀ। ਕਈ ਗੱਲਾਂ ਜਿਨ੍ਹਾਂ ਨੂੰ ਤੁਸੀਂ ਬਸ ਊਂਈ ਸਮਝਦੇ ਹੋ, ਪਤਾ ਨਹੀਂ ਕਦੋਂ ..., ਤੁਹਾਡਾ ਹਿੱਸਾ ਬਣ ਜਾਂਦੀਆਂ, ਜਿਸ ਤੋਂ ਜੁਦਾ ਹੋਣਾ ਔਖਾ ਲੱਗਦਾ...। ਜਾਂ ਤੁਸੀਂ ਹੋਣਾ ਨਹੀਂ ਚਾਹੁੰਦੇ।

30:: ਸ਼ਹਾਦਤ ਤੇ ਹੋਰ ਨਾਟਕ