ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
1.
: ਕੁਝ ਨਹੀਂ ਹੁੰਦਾ... ਇੱਕਾ ਦੁੱਕਾ ਕਤਲਾਂ ਨਾਲ...।
2.
: ਹੀਰੋਇਜ਼ਮ ਏ ...। ਨਿਰੀ ਅਰਾਜਕਤਾ...।
ਭਗਤ ਸਿੰਘ
: ਪਰ ਇਹ ਤੇ ਸਿਰਫ਼ ਸਾਧਨ ਨੇ... ਉਦੇਸ਼ ਨਹੀਂ...।
1.
: ਕਿਤੇ ਕਾਮਯਾਬ ਹੋਏ... ? ਕਿਤੇ ਨਹੀਂ...।
2.
: (ਜੋਸ਼ ਨਾਲ) ਲੋਕ ਕਿੱਥੇ ਨੇ...?
ਭਗਤ ਸਿੰਘ
: ਲੋਕਾਂ 'ਚ ਜੋਸ਼ ਭਰਨਾਂ ਤਾਂ ਜ਼ਰੂਰੀ ਏ-।
1.
: ਬਹੁਤ ਜੋਸ਼ ਦੇਖਿਆ ਅਸੀਂ-ਬੰਗਾਲ ਦੀ ਵੰਡ ਵੇਲੇ-।
2.
: ਗੁੱਸੇ ਦਾ ਹੜ੍ਹ-, ਦੇਖਦੇ ਈ ਦੇਖਦੇ ਲਹਿ ਗਿਆ । ਨਿਰੇ ਜਜ਼ਬਿਆਂ 'ਤੇ ਨਹੀਂ ਉਸਦੇ ਇਨਕਲਾਬ। ਲੋਕ ਚਾਹੀਦੇ ਨੇ ਨਾਲ। (ਚੁੱਪੀ)
1.
: ਹਥਿਆਰ ਚਾਹੀਦੈ -- ਤੈਨੂੰ। ਗੋਲੀ ਸਿੱਕਾ- ।
2.
: ਬੰਬ ਬਣਾਉਣ ਦਾ ਤਰੀਕਾ...। ਠੀਕ ਐ-।
1.
: ਅਸੀਂ ਸਭ ਦੇਖ ਲਿਆ ਇਹ।
2.
:ਛੱਡ ਦਿੱਤਾ ਸਭ ਕਰ ਕਰਾ ਕੇ... ਕਦੋਂ ਦਾ...।
(ਦੋਹੇਂ ਜਾਂਦੇ ਹਨ। ਭਗਤ ਸਿੰਘ ਇਕੱਲਾ ਰਹਿ ਜਾਂਦਾ ਹੈ, ਮੁੜ ਅਜਨਬੀ ਵੱਲ ਆਉਦਾ ਹੈ।)
ਭਗਤ ਸਿੰਘ
: ਕਲਕੜੇ ਪਹੁੰਚਦੇ ਸਾਰ ਹੀ ਸਭ ਬਦਲ ਗਿਆ ਸੀ। ਰੋਮਾਂਸਵਾਦ ਦਾ ਦੌਰ ਗੁਜ਼ਰ ਗਿਆ। ਗੰਭੀਰ ਵਿਚਾਰ..., ਸਵਾਲ..., ਉਨ੍ਹਾਂ ਦੇ ਡੰਗ...ਬਿੱਛੂਆਂ ਵਰਗੇ... ਵੱਜਦੇ, ਉੱਥੋਂ ਭੱਜ ਕੇ ਕਾਂਗਰਸ ਦੇ ਸਮਾਗਮ 'ਚ ਜਾ ਵੜਿਆ। (ਦੁਖੀ) ਪਰ ਉਹ ਕਿਤੇ ਹੋਰ ਈ ਉਲਝੇ ਸੀ। ਉੱਥੋਂ ਦੌੜਿਆ... ਪਰ ਜਾਂਦਾ ਕਿੱਥੇ, ਸਵਾਲ ਤਾਂ ਅੰਦਰ ਸੀ। ਸਵਾਲ ਹੀ ਸਵਾਲ। ਕੀ ਸਿਰਫ਼ ਅਫ਼ਰਾ-ਤਫਰੀ ਸੀ..., ਜਿਸ ਲਈ ਘਰ ਘਾਟ ਛੱਡੇ ..., ਕੀ ਵਿਰੋਧੀ ਸਹੀ ਨੇ? ਨਿਸ਼ਾਨਾ ਠੀਕ... ਪਰ ਰਾਹ...!
(ਸਵਾਲਾਂ ਦਾ ਲਾਵਾ ਮੱਥੇ 'ਚ ਘੁੱਟੀ ਮੈਂ ਆਗਰੇ ਨੂੰ ਤੁਰ ਪਿਆ... । ਸਬ ਉੱਥੇ ਈ ਪਹੁੰਚ ਰਹੇ ਸੀ।
34 :: ਸ਼ਹਾਦਤ ਤੇ ਹੋਰ ਨਾਟਕ