ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜ

: ਕਿੱਥੋਂ ਛੱਡ ਤਾਂ ...। ਪਤਾ ਨੀ ਕੀ ਕੀ ਅਵਾ ਤਵਾ-ਬੋਲੀ ਗਿਆ ਕਿੰਨੀ ਦੇਰ। 'ਦੁਨੀਆਂ ਦੀ ਹਰ ਸੋਹਣੀ ਸ਼ੈਅ ਨੂੰ ਤਬਾਹ ਕਰ ਦਉ।' ਤਾਜਮਹਲ ਤੱਕ ਨੂੰ ਨਹੀਂ ਬਖਸ਼ਿਆ ਯਾਰ... - ( ਫਿੱਕਾ ਜਿਹਾ ਹੱਸਦਾ ਪਤਾ ਨਹੀਂ ਕਿੱਥੋਂ ਇੰਨਾ ਗੁੱਸਾ ਆਉਂਦਾ ਉਸ ਬੰਦੇ 'ਚ।

ਭਗਤ ਸਿੰਘ

: (ਗੰਭੀਰ ਹੋ ਕੇ ਗੱਲ ਬਦਲਦਾ ਹੈ) ਚਲ ਛੱਡ... ਐਂਵੇਂ ਬੋਝ ਪਾਇਆ-।

ਰਾਜ

:ਤੂੰ ਦਸ... ਹਰ ਵੇਲੇ ਉਹੀ ਟੈਂਸ਼ਨ..., ਬਹਿਸਾਂ, ਸਟਡੀ ਸਰਕਲ...,ਡਸਿਪਲਿਨ-। ਬੰਦਾ ਬੋਰ ਨਹੀਂ ਹੋ ਜਾਂਦਾ...। ਜੇ ਮੈਂ ਇਹ ਤਸਵੀਰ ਲਾ ਲਈ... ਗੁਨਾਹ ਕਰਤਾ ਕੋਈ। (ਉਲਾਂਭੇ ਦੀ ਸੁਰ 'ਚ) ਦੁਨੀਆਂ ਨੂੰ ਸੋਹਣਾ ਬਣਾਉਣ ਤੁਰੇ ..., ਜੇ ਪਿਆਰ ਦੀ... ਸੁਹਪਣ ਦੀ ਗੱਲ ਕਰ ਲਓ... ਕਦੇ ਭੁੱਲ ਭੁਲੇਖੇ..., ਦੁਸ਼ਮਣੀ ਹੋ ਜਾਉ ਇਨਕਲਾਬ ਨਾਲ।

ਭਗਤ ਸਿੰਘ

: (ਕਾਵਿਕ ਮੂਡ 'ਚ) ਇਹ ਤੇ ਬੜਾ ਈ ਪਿਆਰਾ ਜਜ਼ਬਾ ਏ ਰਾਜ...,ਬੰਦਿਆਂ ਨੂੰ ਬੰਦਾ ਬਣਾ ਦਿੰਦਾ ... ਰਸ ਘੋਲ ਦਿੰਦਾ। ਜਦੋਂ ਬਿਲਕੁਲ ਟੁਟੇ ਹੁੰਦੇ ਓ ਤੁਸੀਂ..., ਕੁੱਝ ਸੁਝਦਾ ਨਹੀਂ..., ਪ੍ਰੇਮਿਕਾ ਦਾ ਇੱਕ ਨਿੱਕਾ ਜਿਹਾ ਖ਼ਤ... ਜਾਨ ਪਾ ਦਿੰਦਾ, ਦੋ ਬੋਲ..., ਪਿਆਰ ਦੇ... ਪਾਗ਼ਲ ਹੋਣ ਤੋਂ ਬਚਾ ਲੈਂਦੇ। (ਆਜ਼ਾਦ ਉਨਾਂ ਦੀ ਗੱਲ ਸੁਣਦੇ ਹੋਏ ਆਉਂਦਾ ਹੈ। ਉਨ੍ਹਾਂ ਦੀ ਨਜ਼ਰ ਉਸ 'ਤੇ ਨਹੀਂ ਪੈਂਦੀ।)

ਆਜ਼ਾਦ

:ਸਾਡੀ ਜ਼ਿੰਦਗੀ ਇਕ ਲੰਮੀ ਤੇ ਉਦਾਸ ਕਵਿਤਾ ਹੈ ਭਗਤ, ਖੁਰਦਰੀ, ਜੋ ਅਸੀਂ ਖੁਦ ਚੁਣੀ ਹੈ, ਕਿਸੇ ਨੇ ਥੋਪੀ ਨਹੀਂ ਸਾਡੇ 'ਤੇ।

ਰਾਜ

:(ਬੁੜਬੁੜਾਂਦਾ ਹੈ। ਲੈ ਲਿਆ ਪੰਘਾ-। (ਉੱਚੀ) ਪੰਡਿਤ ਜੀ-।

ਆਜ਼ਾਦ

: ਖੂਬਸੂਰਤੀ ਦਾ ਵੈਰੀ ਨਹੀਂ ਮੈਂ। ਪਰ ਕੋਈ ਸ਼ੈਅ ਮੈਨੂੰ ਮੇਰੇ ਨਿਸ਼ਾਨੇ ਤੋਂ ਭਟਕਾ ਨਹੀਂ ਸਕਦੀ...। ਭਾਵੇਂ ਕਿੰਨੀ ਹੀ ਸੋਹਣੀ ਕਿਉਂ ਨਾ ਹੋਵੇ-। (ਰਾਜਗੁਰੂ ਵੱਲ ਦੇਖਦਾ ਹੈ। ਰਾਜਗੁਰੂ ਤਸਵੀਰ ਫਾੜ ਦਿੰਦਾ ਹੈ। ਦੋਹੇਂ ਓਪਰੀ ਜਿਹੀ ਜੱਫੀ ਪਾਉਂਦੇ ਹਨ।)

ਭਗਤ ਸਿੰਘ

: ਪਰ ਨਿਸ਼ਾਨਾ ਹੈ ਕੀ? ਕਿੱਥੇ ਪਹੁੰਚੇ ਹਾਂ, ਜਾ ਕਿੱਧਰ ਰਹੇ ਆਂ। ਕਰ ਕੀ ਰਹੇ ਹਾਂ ਅਸੀਂ। (ਦੋਹੇਂ ਸਾਵਲੀਆਂ ਨਜ਼ਰਾਂ ਨਾਲ ਉਸ ਨੂੰ ਦੇਖਦੇ ਹਨ।)

ਰਾਜ

:ਠੀਕ ਕਹਿ ਰਿਹਾ ਇਹ। ਛੇਤੀ ਹੀ ਕੋਈ ਐਕਸ਼ਨ ਕਰਨਾ ਪਵੇਗਾ।

ਭਗਤ ਸਿੰਘ

: ਕਿਸ ਲਈ? ਕੁਝ ਦੇਰ ਸੁਰਖੀਆਂ ਤੇ ਫੇਰ ਖਤਮ ਕਹਾਣੀ (ਚੁੱਪੀ) ਸਾਡੇ

36:: ਸ਼ਹਾਦਤ ਤੇ ਹੋਰ ਨਾਟਕ