ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਈ ਸਾਨੂੰ ਕਾਤਲਾਂ ਦਾ ਟੋਲਾ ਦੱਸਦੇ। ਬਰਦਾਸ਼ਤ ਕਰ ਸਕਦੇ ਓ ਤੁਸੀਂ-।

ਆਜ਼ਾਦ

: ਤੂੰ ਕੀ ਚਾਹੁੰਦੈ, ਹਥਿਆਰ ਸੁੱਟ ਕੇ ਸਤਿਆਗ੍ਰਹਿ ਕਰੀਏ? ਘੇਰਾ ਪਾ ਲਈਏ ਅਸੈਂਬਲੀ ਨੂੰ ਜਾ ਕੇ। ਜਾਂ ਉਡੀਕੀਏ ਕਿ ਕੀ ਸੁਟੱਣਗੇ ਉਹ ਸਾਨੂੰ ਵੀ (ਚੁੱਪੀ) ਫੜ ਕੇ ਬੰਦ ਕਰ ਦੇਣਗੇ। ਤੇ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ... (ਚੁੱਪੀ)

ਭਗਤ ਸਿੰਘ

: ਪਰ ਹਿੰਸਾ ਦਾ ਇਹ ਕਲੰਕ.. ਤੇ ਧੋਣਾ ਪਵੇਗਾ ..., ਭਾਵੇਂ ਆਪਣੇ ਈ ਖੂਨ ਨਾਲ ਕਿਉਂ ਨਹੀਂ...। ਦੱਸਣਾ ਪਏਗਾ... ਕਿ ਨਾ ਤਾਂ ਅਸੀਂ ਕਾਤਿਲ ਹਾਂ ਨਾ ਹੀ ਦਹਿਸ਼ਤ ਫੈਲਾਉਣ ਵਾਲੇ ਅੱਤਵਾਦੀ...। ਸਾਡੇ ਵੀ ਕੁਝ ਨਿਸ਼ਾਨੇ ਨੇ, ਐਵੇਂ ਫੋਕੀ ਵਾਹ-ਵਾਹੀ ਲਈ ਨਹੀਂ ਅਸੀਂ ਜਾਨਾਂ ਤਲੀ 'ਤੇ ਧਰੀ ਵਿਰਦੇ-।

ਰਾਜ

:(ਮੋਢੇ 'ਤੇ ਹੱਥ ਰੱਖਦੇ ਹੋਏ ਕੀ ਹੈ ਤੇਰੇ ਦਿਮਾਗ਼ 'ਚ?

ਆਜ਼ਾਦ

: ਸਾਫ਼ ਸਾਫ਼ ਦੱਸ-।

ਭਗਤ ਸਿੰਘ

: ਸਮਾਂ ਹੁਣ ਵਿਚਾਰਧਾਰਕ ਲੜਾਈ ਲੜਨ ਦਾ ਹੈ।

ਆਜ਼ਾਦ

: ਦਿਮਾਗ ਖ਼ਰਾਬ ਹੋ ਗਿਆ ਤੇਰਾ...। ਸਾਰੇ ਹਿੰਦੋਸਤਾਨ ਦੀ ਪੁਲੀਸ ਪੈੜ ਸੁੰਘਦੀ ਫਿਰਦੀ ਏ ਤੇਰੀ। ਜਿੱਦਣ ਹੱਥੇ ਚੜ ਗਿਆ... (ਜਾਣ ਬੁਝ ਕੇ ਅਧੂਰਾ ਛੱਡਦਾ)

ਭਗਤ ਸਿੰਘ

: ਮੈਨੂੰ ਪਤਾ..., ਕੁਝ ਸੁਫ਼ਨੇ ਪੂਰੇ ਹੋਣ ਲਈ ਨਹੀਂ ਹੁੰਦੇ...। ਮਜ਼ਦੂਰਾਂ-ਕਿਸਾਨਾਂ 'ਚ ਕੰਮ ਕਰਨ ਦਾ ਸੁਫ਼ਨਾ ਵੀ ਕੁਝ ਇੱਦਾ ਦਾ ਹੈ। ਪਰ ਅਸੀਂ ਲੋਕਾਂ ਦਾ ਧਿਆਨ ਖਿੱਚ ਸਕਦੇ ਹਾਂ ਇਸ ਵੱਲ। ਸਰਕਾਰਾਂ ਹੀ ਨਹੀਂ ਲੋਕ ਵੀ ਬੋਲੇ ਹੋ ਜਾਂਦੇ। (ਜੋਸ਼ ਨਾਲ) ਉਨ੍ਹਾਂ ਨੂੰ ਸਾਡੀ ਗੱਲ ਸੁਣਨੀ ਹੀ ਪਵੇਗੀ... ਹਰ ਹਾਲ 'ਚ ਸੁਣਨੀ ਪਵੇਗੀ। ਇੰਨੀ ਉੱਚੀ ਬੋਲਾਂਗੇ ਅਸੀਂ...। ਪਰ ਕਦੋਂ ... ਕਿੱਥੇ... ਤੇ ਕਿਵੇਂ ...। ਫੈਸਲਾ ਬਸ ਇਸੇ ਗੱਲ ਦਾ ਲੈਣਾ ਹੈ।

ਰਾਜ

: ਸਵਾਲ ਤਾਂ ਫੇਰ ਉੱਥੇ ਦਾ ਉੱਥੇ ਹੈ।

ਭਗਤ ਸਿੰਘ

: ਅਸੀਂ ਅਸੈਂਬਲੀ ’ਚ ਬੰਬ ਸੁੱਟਾਂਗੇ।

ਦੋਹੇਂ

:(ਹੈਰਾਨ) ਬੰਬ-! (ਇਕ ਦੂਜੇ ਵੱਲ ਦੇਖਦੇ ਹਨ!)..ਅਸੈਂਬਲੀ

37:: ਸ਼ਹਾਦਤ ਤੇ ਹੋਰ ਨਾਟਕ