ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰਮ ਭਾਫ਼ ਉਠ ਰਹੀ ਹੈ। ਸਭ ਉਪਰਾਮ ਭਾਵ 'ਚ ਖੜੇ ਰਹਿੰਦੇ ਹਨ। ਜਤਿਨ ਘੜੇ ਚੋਂ ਪਾਣੀ ਕੱਢ ਕੇ ਪੀਂਦਾ ਹੈ- ਤੇ ਫੇਰ ਚੂਲੀ ਕਰ ਦਿੰਦਾ ਹੈ। ਇਹ ਦੇਖ ਕੇ ਘੜੇ 'ਚ ਦੁੱਧ ਹੈ, ਗੁੱਸੇ ਵਿੱਚ ਆ ਕੇ, ਉਸ ਨੂੰ ਮਚਾਨ ’ਤੇ ਜਾ ਕੇ ਪਿਛਲੇ ਪਾਸੇ ਸੁੱਟ ਦਿੰਦਾ ਹੈ ਤੇ ਡਿੱਗਦਾ ਢਹਿੰਦਾ ਮੁੜ ਆ ਬੈਠਦਾ ਹੈ।)

ਸੁਖਦੇਵ

: ਮੈਂ ਤੇ ਪਹਿਲਾਂ ਈ ਕਿਹਾ ਸੀ..., ਇਹ ਗਾਂਧੀਵਾਦੀ ਟੋਟਕੇ ਸਾਡੇ ਕਿਸੇ ਕੰਮ ਨਹੀਂ, ਅਸੀਂ ਇੱਥੇ ਜੇਲ ਸੁਧਾਰ ਕਰਨ ਨਹੀਂ ਆਏ ..., ਇੰਝ ਅਣਆਈ ਮੌਤ ਮਰਨਾ।

ਭਗਤ

:(ਦੁਖੀ) ਤੇਰੇ ਮੂੰਹੋਂ ਇਹ ਸਭ ਚੰਗਾ ਨਹੀਂ ਲੱਗਦਾ।

ਸੁਖਦੇਵ

:ਸਿਰਫ਼ ਕਿਸੇ ਨੂੰ ਖੁਸ਼ ਕਰਨ ਲਈ- ਮੈਂ ਕੁਝ ਨਹੀਂ ਕਰ ਸਕਦਾ।

ਜਤਿਨ

:ਪਿੱਛੇ ਮੁੜਨ ਦਾ ਕੋਈ ਰਾਹ ਨਹੀਂ..., ਸਭ ਸਾਡੇ ਵੱਲ ਦੇਖ ਰਹੇ ਨੇ-ਆਸਾਂ ਲਾਈ...। ਗੋਲੀ ਖਾਣਾ..., ਫਾਂਸੀ ਤੇ ਝੂਲ ਜਾਣਾ... ਬਹੁਤ ਸੋਖਾ..., ਸਭ ਖਤਮ ਹੋ ਜਾਂਦਾ... ਪਲਕ ਝਪਕਦੇ ਹੀ..., ਪਰ ਮੌਤ ਜਦ ਹੌਲੀ-ਹੌਲੀ ਮੂੰਹ ਖੋਹਲਦੀ ਏ ਤੇ ਤੁਸੀਂ ਉਸ ਦੇ ਅੰਦਰ ਸਰਕਦੇ ਜਾਂਦੇ ਹੋ-ਸਰਕਦੇ ਜਾਂਦੇ ਹੋ-।

ਸੁਖਦੇਵ

:ਆਪਣੇ ਆਪ ਨੂੰ ਇੰਝ ਤਸੀਹੇ ਦੇਣਾ ... ਕਿੱਥੋਂ ਦੀ ਦੇਸ਼ ਭਗਤੀ ਏ ...।

ਭਗਤ

:ਪਰ ਕਦੇ ਤੂੰ ਖ਼ੁਦ... ਇਸ ਸਭ ਕੁਝ ਦਾ ਮੁਦਈ ਰਿਹਾ ਏਂ। ਜੇ ਕਿੱਸੇ-ਕਹਾਣੀਆਂ 'ਚ ਦੂਜਿਆਂ ਨੂੰ ਤਿਲ-ਤਿਲ ਕਰ ਮਰਦੇ ਦੇਖਣਾ-ਸਾਨੂੰ ਇੰਨੀ ਤਾਕਤ ਦੇ ਸਕਦਾ.., ਤੇ ਅਸੀਂ ਤਾਂ ਫੇਰ ਜਿਉਂਦੇ ਜਾਗਦੇ ਲੋਕ ਹਾਂ, ਹੱਡ-ਮਾਸ ਦੇ। ਇਹ ਤਕਲੀਫ਼ਾਂ ਅਜਾਈਂ ਨਹੀਂ ਜਾਣ ਲੱਗੀਆਂ।

(ਪਿੱਛੋਂ ਇਨਕਲਾਬ ਦੇ ਨਾਹਰੇ ਉਭਰਦੇ ਹਨ।) ਕੀ ਸਬ ਭੁਲੇਖਾ ਸੀ...ਊਂ ਈ... (ਸੋਚਦੇ ਹੋਏ...... ਜਿਵੇਂ ਆਪਣੇ 'ਤੇ ਹੱਸ ਰਿਹਾ ਹੋਵੇ।)

(ਰੋਸ਼ਨੀ ਉਨ੍ਹਾਂ ਤੋਂ ਦੂਜੇ ਪਾਸੇ ਪੈਂਦੀ ਹੈ। ਡਰਿਆ ਹੋਇਆ ਵਾਇਸਰਾਏ ਪਸੀਨਾ ਪੂੰਝਦਾ ਹੋਇਆ ਆਉਂਦਾ ਹੈ। ਪਿੱਛੋਂ ਇਨਕਲਾਬ ਦੇ ਨਾਹਰੇ ਗੂੰਜ ਰਹੇ ਹਨ। ਵਾਇਸਰਾਏ ਗਲੇ ਵਿਚਲੇ ਕ੍ਰਾਸ ਨੂੰ ਚੁੰਮਣ ਲੱਗਦਾ ਹੈ। ਬਾਹਰੋਂ ਇਕ ਸਿਪਾਹੀ ਦੌੜਿਆ ਆਉਂਦਾ ਹੈ।)

55 :: ਸ਼ਹਾਦਤੂ ਤੇ ਹੋਰ ਨਾਟਕ