ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਣਗੁਣਾਉਣ ਲੱਗਦਾ ਹੈ।)

ਭਗਤ

:ਕੋਈ ਦਿਨ ਕਾ ਮੇਹਮਾਂ ਹੂੰ ਐ ਅਹਿਲੇ ਮਹਫਿਲ..., ਚਿਰਾਗ਼ੇ ਸਹਿਰ ਨੂੰ ਬੁਝਾ ਚਾਹਤਾ ਨੂੰ ...। (ਰੋਸ਼ਨੀ ਫੈਲਦੀ ਹੈ। ਸੁਖਦੇਵ ਤੇ ਰਾਜਗੁਰੂ ਜਤਿਨ ਨੂੰ ਲੈ ਕੇ ਆਉਂਦੇ ਹਨ। ਉਸ ਦੀ ਸਾਹ ਉਖੜੀ ਹੋਈ ਹੈ। ਭਗਤ ਸਿੰਘ ਦੌੜ ਕੇ ਕੋਲ ਆਉਂਦਾ ਹੈ) ਜਤਿਨ..., ਇਹ ਤੇ ਛੱਡ ਕੇ ਜਾਣ ਦਾ ਵੇਲਾ ਨਹੀਂ।

ਰਾਜਗੁਰੂ

:ਹੁਣ ਕੁਝ ਨਹੀਂ ਹੋ ਸਕਦਾ...। ਦਿਲ ਡੁਬ ਰਿਹਾ... ਨਬਜ਼ ਵੀ...।

ਜਤਿਨ

:ਕੁਝ ਨਹੀਂ, ਇਹ ਤੇ ਸਫ਼ਲਤਾ ਦੀ ਪਹਿਲੀ ਪੌੜੀ ਏ ... ਭਗਤ। ਅਹਿੰਸਾ ਦੇ ਪੁਜਾਰੀਆਂ ਨੂੰ ਦੇਖਣ ਦਿਓ..., ਸਾਡੇ ਅੰਦਰ ਵੀ ਤਾਕਤ ਏ।.., ਜਿਸਮ ਦੀ ਹੀ ਨਹੀਂ ਰੂਹ ਦੀ ਤਾਕਤ... । ਅਸੀਂ ਵੀ ਨਿਰੇ ਪੂਰੇ ... ਸਰੀਰ ਨਹੀਂ..., ਰੂਹ ਵੀ ਹੈ, ਸਾਡੇ ਅੰਦਰ। ਅਸੀਂ ਵੀ ਸੱਚ ਨਾਲ ਤਜ਼ਰਬੇ ਕਰ ਸਕਦੇ ਹਾਂ, ਤਕਲੀਫ਼ਾਂ ਝੱਲ ਸਕਦੇ ਹਾਂ, ਉਸ ਦੀ ਖਾਤਿਰ, ਬਿਨਾਂ ਕਿਸੇ 'ਤੇ ਉਂਗਲ ਚੁੱਕੇ ਕਤਰਾ ਕਤਰਾ ਪਿਘਲ ਸਕਦੇ ਹਾਂ, ਕਿਣਕਾ ਕਿਣਕਾ ਮਰ ਸਕਦੇ ਹਾਂ।

(ਭਗਤ ਰੋ ਪੈਂਦਾ ਹੈ।) ਇਹ ਰੋਣ ਦੀ ਨਹੀਂ-ਜਸ਼ਨ ਦੀ... ਬੇਲਾ, ਤੂੰ ਜਾਣਦੈਂ ..., ਉਹ ਨਚੀਕੇਤਾ... ਜਿਸ ਨੂੰ ਉਸ ਦੇ ਪਿਤਾ... ਨੇ ਹਵਾਲੇ ਕਰ ਦਿੱਤਾ ਸੀ... ਮੌਤ ਦੇ ... ਆਪਣੇ ਹੱਥੀਂ... ਤੇ ਉਹ ਤੁਰਦਾ... ਤੁਰਦਾ... ਕਿੰਨੇ ਈ ਦਿਨ..., ਅਣਜਾਣੇ ਜੰਗਲਾਂ ਪਹਾੜਾਂ ਨਾਲ ਟੱਕਰਾਂ ਮਾਰਦਾ, ਸਜੇ ਬਾਜ਼ਾਰਾਂ ਤੇ ਮੇਲਿਆਂ ਦੀ ਰੌਣਕ ਤੋਂ ਬੇਲਾ, ਸੱਚ ਦਾ ਰਾਹ ਲੱਭਦਾ, ਦੁੱਧ ਦੀ ਉਮਰੇ..., ਮੌਤ ਦੇ ਬੂਹੇ ਜਾ ਪੁੱਜਾ ਉਸ ਦੀਆਂ ਸਰਦਲਾਂ ’ਤੇ (ਹੰਭਲਾ ਮਾਰ ਕੇ ਉਠਦਾ ਹੈ। ਸਭ ਉਸ ਨੂੰ ਸੰਭਾਲਦੇ ਹਨ।) ਮੌਤ ਅੰਦਰ ਜਾ ਵੜੀ, ਕੁੰਡੇ ਜਿੰਦੇ ਮਾਰ, ਬਾਹਰ ਆਉਣ ਦਾ ਹੀਆ ਨਹੀਂ ਕਰਦੀ..., ਨਾਂ ਨਹੀਂ ਲੈਂਦੀ, ਮਹਿਮਾਨ ਬਰੂਹਾਂ 'ਤੇ ਖੜਾ..., ਕਿੰਨੇ ਦਿਨਾਂ ਦਾ ਭੁੱਖਾ ਤਿਰਹਾਇਆ, ਵਾਪਸੀ ਦੀ ਕੋਈ ਚਾਹ ਨਹੀਂ, ਤਿਆਰ ਹੈ ਯੱਗ ਦੀ ਜਵਾਲਾ 'ਚ ਹੋਮ ਹੋਣ ਲਈ, ਜਾ... ਕੇ ਕਹੋ-ਕੌਮ ਦੇ ਪਿਤਾ ਨੂੰ.. ਨਚੀਕੇਤਾ... ਭੁੱਲਿਆ ਨਹੀਂ, ਭਟਕਿਆ ਨਹੀਂ, ਖੜਾ ਹੈ... ਮੌਤ ਦੀਆਂ ਬਰੂਹਾਂ ਤੇ, ਖੜਾ...ਹੈ ਨਿਡਰ, .. ਅਡੋਲ, ਮੌਤ ਬਹਾਨੇ ਬਣਾ ਰਹੀ ਏ-(ਸਾਹ ਟੁੱਟ ਜਾਂਦਾ ਹੈ। ਭਗਤ ਸਿੰਘ ਫੁੱਟ ਫੁੱਟ ਕੇ ਰੋਂਦਾ ਹੈ। ਰੌਸ਼ਨੀ ਫੇਡ ਆਉਟ ਹੁੰਦੀ ਹੈ।)

59:: ਸ਼ਹਾਦਤ ਤੇ ਹੋਰ ਨਾਟਕ