ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਦੂਜੇ ਪਾਸੇ ਹੌਲੀ-ਹੌਲੀ ਰੌਸ਼ਨੀ ਹੁੰਦੀ ਹੈ। ਸਾਰੰਗੀ ਦੀ ਧੁਨ 'ਤੇ ਭਜਨ ਦੇ ਬੋਲ ਉਭਰਦੇ ਹਨ..ਗਾਂਧੀ ਹੌਲੀ-ਹੌਲੀ ਤੁਰਦੇ ਮੰਚ ਤੇ ਆਉਂਦੇ ਹਨ। ਦੂਜੇ ਪਾਸੇ ਜਤਨ ਦੀ ਲਾਸ਼ ਨੂੰ ਬਾਹਰ ਲੈ ਕੇ ਜਾ ਰਹੇ ਹਨ। ਗਾਂਧੀ ਬੈਠਦਾ ਹੈ। ਪਿਛੋਕੜ 'ਚੋਂ ਆਵਾਜ਼ ਉਭਰਦੀ ਹੈ 'ਜਾ ਕੇ ਕਹੇ ਕੌਮ ਦੇ ਪਿਤਾ ਨੂੰ... ਨਚੀਕੇਤਾ... ਭੁੱਲਿਆ ਨਹੀਂ, ਭਟਕਿਆ ਨਹੀਂ, ਖੜਾ ਹੈ..., ਮੌਤ ਦੀਆਂ ਬਰੂਹਾਂ 'ਤੇ।' ਗਾਂਧੀ ਅੱਖਾਂ ਬੰਦ ਕਰ ਲੈਂਦਾ ਹੈ। ਅਜਨਬੀ ਆਉਂਦਾ ਹੈ। ਪਿਛੋਕੜ 'ਚੋਂ ਗੀਤ ਉਭਰਦਾ ਹੈ। 'ਵੈਸ਼ਣੋ ਜਨ ਤੋਂ ਤੇਹੇ ਕਹੀਏ, ਜੋ ਪੀਰ ਪਰਾਈ ਜਾਨੇ ਰੇ... ਵੈਸ਼ਣੋ ਜਨ ਤੇ...।')

ਅਜਨਬੀ

:ਕਿਉਂ ਮਹਾਤਮਾ..., ਪਰਾਈ ਹੀ ਕਿਉਂ, ਆਪਣਿਆਂ ਦੀ ਪੀੜ ਕੀ ਪੀੜ ਨਹੀਂ ਹੁੰਦੀ। (ਚੌਂਕ ਕੇ ਗਾਂਧੀ ਅੱਖਾਂ ਖੋਲਦਾ ਹੈ। ਪਰ ਉਸ ਵੱਲ ਦੇਖਦਾ ਨਹੀਂ।) ਸਿਰਫ਼ ਇਸ ਲਈ ਕਿ ਉਹ ਆਪਣੇ ਨੇ...। ਹੰਅ, ਦੋ ਪੁਲਿਸ ਵਾਲਿਆਂ ਦੀ ਮੌਤ ਲਈ, ਤੁਸੀਂ ਪੂਰਾ ਅੰਦੋਲਨ ਵਾਪਿਸ ਲੈ ਲਿਆ..., ਬਹੁਤ ਬੋਝ ਸੀ, ਜਮੀਰ ਉੱਤੇ, ਰਹਿੰਦਾ ਹੈ..., ਉਨ੍ਹਾਂ ਮਾਵਾਂ ਦਾ ਕੀ... ਜਿਨ੍ਹਾਂ ਦੇ ਪੁੱਤਰ... ਹਾਕਮਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ ..., ਕਾਲ ਕੋਠੜੀਆਂ 'ਚ ਉਡੀਕ ਰਹੇ ਮੌਤ ਨੂੰ, ਉਹ ਔਰਤਾਂ ਜਿਨ੍ਹਾਂ ਦੇ ਪਤੀ ਭਰੀ ਜਵਾਨੀ 'ਚ ਛੱਡ ਕੇ ਤੁਰ ਗਏ, ਅਨਾਥ ਬੱਚੇ..., ਉਨ੍ਹਾਂ ਲਈ ਇਹ ਪੀੜ ਖਾਮੋਸ਼ ਕਿਉਂ ਏ-। (ਗਾਂਧੀ ਉਠਦਾ ਹੈ ਤੇ ਅਜਨਬੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਦਾ ਹੈ।) ਸਵਾਲ ਕਿਸੇ ਫ਼ਲਸਫ਼ੇ ਦਾ ਨਹੀਂ, ਤਿੰਨ ਬੇਸ਼ਕੀਮਤੀ ਜਾਨਾਂ ਦਾ ਹੈ। (ਗਾਂਧੀ ਉਸ ਦਾ ਮੋਢਾ ਥਪਥਪਾਂਦਾ ਹੈ ਤੇ ਚੁੱਪਚਾਪ ਮਚਾਨ ਵੱਲ ਨੂੰ ਤੁਰ ਪੈਂਦਾ ਹੈ। ਅਜਨਬੀ ਤੜਫ ਉਠਦਾ ਹੈ।) ਇਹ ਗੱਲ ਹੈ... ਤਾਂ ਤੁਹਾਨੂੰ ਉਨ੍ਹਾਂ ਨੂੰ ਹੀ ਨਹੀਂ..., ਗੀਤਾ ਨੂੰ ਵੀ ਛੱਡਣਾ ਪਵੇਗਾ, ਤਿਆਗਣਾ ਪਵੇਗਾ ..., (ਗਾਂਧੀ ਰੁਕ ਜਾਂਦਾ ਹੈ।) ਸ਼੍ਰੀਮਦ ਭਗਵਤ ਗੀਤਾ..., ਉਹ ਵੀ ਤੇ ਹਿੰਸਾ ਦੀ ਹਿਮਾਇਤ ਕਰਦੀ ਏ, ਕਾਇਰਤਾ ਦੀ ਨਹੀਂ।


ਗਾਂਧੀ

:(ਆਰਾਮ ਨਾਲ ਉਸ ਵੱਲ ਮੁੜਦਾ ਹੈ।) ਜੇ ਕੋਈ ਧਾਰਮਿਕ ਗ੍ਰੰਥ ਹਿੰਸਾ ਦੀ ਹਿਮਾਇਤ ਕਰਦਾ, ਚਾਹੇ ਉਹ ਕਿੰਨਾ ਹੀ ਪਵਿੱਤਰ ਕਿਉਂ ਨਾ ਹੋਵੇ, ਮੈਂ ਉਸਨੂੰ ਰੱਦ ਕਰਦਾਂ। (ਚੁੱਪੀ) ਮੇਰੀ ਜ਼ਿੰਦਗੀ 'ਚ ਉਸ ਦੀ ਕੋਈ ਥਾਂ ਨਹੀਂ। ਪਰ ਮੈਂ ਕਾਇਰਤਾ ਨਾਲੋਂ ..., ਹਮੇਸ਼ਾਂ ਹੀ ਹਿੰਸਾ ਨੂੰ ਪਹਿਲ ਦਿੱਤੀ ਹੈ..., ਹਮੇਸ਼ਾਂ।

60:: ਸ਼ਹਾਦਤ ਤੇ ਹੋਰ ਨਾਟਕ