ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਸਿਆਨੀ ਜਿਹੀ ਹਾਸੀ ਹਸਦਾ ਹੈ।)ਕੌਣ ਕਿਧਰੋਂ ਆ ਰਿਹਾ.., ਕਿਧਰ ਜਾ ਰਿਹਾ, ... ਕੁਝ ਪਤਾ ਨਹੀਂ ਚਲਦਾ, ਸਭ ਉਲਝਿਆ ਪਿਆ। ਜਿਵੇਂ ਕਿਸੇ ਨੇ ਕੜਾਹੇ 'ਚ ਪਾ ਕੇ ਸਭ ਉਬਾਲ ਛਡਿਆ ਹੋਏ ... ਸਮਾਂ... ਜੁਗ... ਸਥਾਨ... ਸਭ ਪਿਘਲੇ ਪਏ। (ਕਾਹਲੀ ਨਾਲ ਦਰਸ਼ਕਾਂ ਵੱਲ ਨੂੰ ਕਦਮ ਪੁੱਟਦਾ ਹੈ।) ਪਤਾ ਐ.., ਮੈਂ ਕਿੱਥੇ ਆਂ, ..ਤੇ ਤੁਸੀਂ ਵੀ? (ਚੁੱਪੀ, ਹੌਂਕਾ)

ਸੋਚਿਆ ਸੀ ਗੁਜਰਾਤ ਬਾਰੇ ਨਾਟਕ ਕਰਾਂਗੇ। (ਇੱਕ ਸਾਈਡ 'ਤੇ ਜਾ ਕੇ ਘੜੇ 'ਚੋਂ ਪਾਣੀ ਪਾ ਕੇ ਪੀਂਦੇ ਹੋਏ ਬੋਲਦਾ ਹੈ।) ਸਿੱਧ-ਪਧਰੀ ਗੱਲ ਹੈ, ਸਭ ਲੀਡਰਾਂ ਦੇ ਕਾਰੇ ਨੇ, ਪੁਆੜੇ ਪਾਏ ਕੁਰਸੀ ਦੇ, ...ਸਭ ਇੱਕੋ ਨੇ...! (ਗਿਲਾਸ ਰੱਖਦੇ ਹੋਏ) ਤੇ ਭੁਗਤਨਾ ਪੈਂਦਾ ਸਾਨੂੰ, ਤੁਹਾਨੂੰ, ਜਨਤਾ ਨੂੰ। (ਹੱਸਦਾ ਹੈ) ਬਸ... ਹੋ ਗਿਆ ਨਾਟਕ, ਗੱਲ ਖਤਮ। ਪਰ ਉਸ ਸੁਫ਼ਨੇ ਨੇ ਸਭ ਬਦਲ ਕੇ ਰਖ ਦਿੱਤਾ..., ਹੁਣ ਲਗਦੈ ਕਿ ਇਹ ਨਾਟਕ ਗੁਜਰਾਤ ਬਾਰੇ ਨਹੀਂ, ...ਖ਼ੁਦ ਮੇਰੇ ਬਾਰੇ ਹੈ, (ਡਰ ਜਾਂਦਾ ਹੈ। ਮੇਰੇ ਆਪਣੇ ਆਪ ਉੱਤੇ। ਪਿੱਛੇ ਜਿੰਨੀ ਦੂਰ ਤੱਕ ਝਾਤ ਮਾਰਦਾਂ... ਤੇ ਅੱਗੇ ਜਿੱਥੋਂ ਤਾਈਂ ਨਜ਼ਰ ਆਉਂਦਾ... ਗੁਜਰਾਤ ਹੀ ਫੈਲਿਆ ਹੈ, ...ਉਹ ਵੀ ਸਿਰਫ਼ ਬਾਹਰ ਨਹੀਂ, ...ਧੁਰ ਅੰਦਰ ਤਾਈਂ... ਮੇਰੇ! ਖ਼ੁਦ ਮੇਰੇ ਈ ਅੰਦਰ ਇੱਕ ਦਰਾਰ ਏ..., ਡੂੰਘੀ! ਮੈਂ ਭੱਜਿਆ ਜਾ ਰਿਹਾਂ..., ਆਪਣੇ ਆਪ ਤੋਂ..., ਸਦੀਆਂ ਹੋਈਆਂ..., ਦੌੜਿਆ ਜਾ ਰਿਹਾਂ, (ਹਫ਼ਦਾ ਹੈ) ਜਿੱਥੋਂ ਤੁਰਿਆ ਸੀ... ਕਿੱਥੇ ਪਹੁੰਚਿਆਂ... (ਆਲੇ ਦੁਆਲੇ ਨਜ਼ਰ ਮਾਰਦਾ ਹੋਇਆ ਪਛਾਣਨ ਦੀ ਕੋਸ਼ਿਸ਼ ਕਰਦਾ ਹੈ। ਪਿੱਛੋਂ ਘੜੀ 'ਤੇ ਤਿੰਨ ਵਜਣ ਦੀ ਆਵਾਜ਼ ਹੁੰਦੀ ਹੈ। ਉਹ ਲੰਮਾ ਹੌਂਕਾ ਭਰਦਾ ਹੈ।)

ਤਿੰਨ ਵੱਜ ਗਏ! ਰਾਤ ਦੇ ਤਿੰਨ। ਤੁਸੀਂ ਸੋਚਦੇ ਹੋਵੇਗੇ... (ਹਾਸੀ) ਅਜੀਬ ਆਦਮੀ ਹੈ, ਸ਼ਕਲੋਂ ਚੋਰ ਨਹੀਂ ਲਗਦਾ, ਫ਼ਕੀਰ ਵੀ ਨਹੀਂ, ਫੇਰ ਸੁੱਤਾ ਕਿਉਂ ਨਹੀਂ ਹਾਲੇ ਤਕ। ਕੁਝ ਦਿਨ ਪਹਿਲਾਂ ਤਾਈਂ ਮੈਂ ਵੀ ਏਸ ਵੇਲੇ ਨੂੰ ਘਰਾੜੇ ਮਾਰਦਾ ਪਿਆ ਹੁੰਦਾ, ...ਸਾਰੇ ਸ਼ਰੀਫ਼ ਆਦਮੀਆਂ ਵਾਂਗ, ..ਨੀਂਦ ਤਾਂ ਮੈਨੂੰ ਆਉਂਦੀ ਓ ਬਹੁਤ ਸੀ, ਪਰ ਹੁਣ ਬਿਸਤਰੇ ਦਾ ਖਿਆਲ ਆਉਂਦੇ ਈ ਤਰੇਲੀ ਆ ਜਾਂਦੀ ਐ। ਘਰਵਾਲੀ ਦਾ ਕੋਈ ਰੌਲਾ ਨਹੀਂ, ਉਹ ਤਾਂ ਸਾਊ ਏ ਬੇਚਾਰੀ, ਪਰ ਬਿਸਤਰੇ ਤੋਂ ਪਹਿਲਾਂ ਹੀ ਸੁਫ਼ਨਾ ਮੂਹਰੇ ਆ ਖੜਦਾ...! ਨੀਂਦ ਦੇ ਨਾਂ ਤੋਂ ਕੰਬ ਜਾਂਦਾ! ਨੀਂਦ ਆਈ ਤਾਂ ਸੁਫ਼ਨਾ ਵੀ ਆਉ (ਬੇਚੈਨੀ) ਹੁਣ ਨੀਂਦ ਦੀ ਵੀ ਲੋੜ ਨਹੀਂ, ਜਾਗਦਿਆਂ ਈ ਪਿੱਛਾ ਨਹੀਂ ਛੱਡਦਾ।

(ਡਰਦਾ-ਡਰਦਾ ਏਧਰ ਉਧਰ ਦੇਖਦਾ ਹੈ ਤੇ ਫ਼ੇਰ ਮੁੜ ਦਰਸ਼ਕਾਂ ਵਲ) ਦੋ ਜਣੇ ਸਨ, ਅਜੀਬ ਚੇਹਰੇ! (ਗਨੀ ਖਾਂ ਤੇ ਨਬੀ ਖਾਂ ਦੱਬੇ ਪੈਰੀਂ ਆਉਂਦੇ

84:: ਸ਼ਹਾਦਤ ਤੇ ਹੋਰ ਨਾਟਕ