ਪੰਨਾ:ਸ਼ਹਿਰ ਗਿਆ ਕਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੰਨ-ਸੁਵੰਨਾ ਖਾਣ ਤੇ ਸ਼ਹਿਰੀ ਚਕਾਚੌਂਧ ਦੇ ਕਿੱਸੇ ਸੁਣਾਉਣ ਲੱਗ ਪੈਂਦਾ। ਕੁੱਤਾ ਕਿੱਟੂ ਕਾਂ ਨੂੰ ਵੀ ਰੋਜ਼ਾਨਾ ਸ਼ਹਿਰ ਜਾ ਕੇ ਵੰਨ-ਸੁਵੰਨਾ ਖਾਣ ਲਈ ਆਖਦਾ।

“ਕਿੱਟੂ! ਮੈਂ ਸ਼ਹਿਰ ਵਿਚ ਇਕ ਹੋਟਲ ’ਤੇ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਹਾਂ। ਸਕਿਉਰਟੀ ਗਾਰਡ ਦਾ ਕੰਮ ਕਰਨ ਕਰਕੇ ਮੈਨੂੰ ਹੋਟਲ ਤੋਂ ਵੰਨ-ਸੁਵੰਨਾ ਖਾਣ ਨੂੰ ਮਿਲ ਜਾਂਦਾ। ਤੂੰ ਵੀ ਮੇਰੇ ਨਾਲ ਸ਼ਹਿਰ ਚੱਲਿਆ ਕਰ। ਇਥੇ ਸਾਰਾ ਦਿਨ ਪਿੰਡ ਵਿਚ ਚਉਂ-ਚਉਂ ਕੇ ਤੇਰੀ ਕਮਰ ਟੁੱਟ ਜਾਂਦੀ ਹੈ। ਸ਼ਹਿਰ ਤੈਨੂੰ ਮੈਂ ਕਿਸੇ ਦੁਕਾਨ 'ਤੇ ਗਾਹਕਾਂ ਦੇ ਆਉਣ ਦੀ ਸੂਚਨਾ ਦੇਣ ਦਾ ਕੰਮ ਦਿਵਾ ਦੇਵਾਂਗਾ। ਆਰਾਮ ਨਾਲ ਇਕ ਥਾਂ 'ਤੇ ਬੈਠਿਆ ਕਰੀਂ ਤੇ ਵੰਨ-ਸੁਵੰਨਾ ਖਾਇਆ ਕਰੀਂ।” ਕੁੱਤਾ, ਕਿੱਟੂ ਕਾਂ ਨੂੰ ਰੋਜ਼ਾਨਾ ਆਖਦਾ।

ਜਿਥੇ ਕਿੱਟੂ ਕਾਂ ਰਹਿੰਦਾ ਸੀ, ਉਥੇ ਨਜ਼ਦੀਕ ਹੀ ਇਕ ਕਬੂਤਰ ਵੀ ਰਹਿੰਦਾ ਸੀ। ਕਬੂਤਰ, ਕੁੱਤੇ ਦੀਆਂ ਬਦੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਕਬੂਤਰ, ਕਿੱਟੂ ਕਾਂ ਨੂੰ ਕੁੱਤੇ ਨਾਲ ਸ਼ਹਿਰ ਨਾ ਜਾਣ ਲਈ ਆਖਦਾ ਤੇ ਕਿੱਟੂ ਕਾਂ ਨੂੰ ਕੁੱਤੇ ਦੀਆਂ ਗੱਲਾਂ ਵਿਚ ਨਾ ਆਉਣ ਦੀ ਸਲਾਹ ਦਿੰਦਾ ਰਹਿੰਦਾ।

“ਕਿੱਟੂ ਭਰਾਵਾ! ਕੁੱਤਾ ਸ਼ਹਿਰ ਵਿਚ ਸਕਿਉਰਟੀ ਗਾਰਡ ਵਰਗਾ ਕੋਈ ਕੰਮ ਨਹੀਂ ਕਰਦਾ। ਇਹ ਬੇਹੱਦ ਨਿਕੰਮਾ ਅਤੇ ਅਵਾਰਾ-ਗਰਦ ਹੈ। ਇਹ ਹੋਰ ਅਵਾਰਾ ਕੁੱਤਿਆਂ ਨਾਲ ਮਿਲ ਕੇ ਚੋਰੀਆਂ ਕਰਦਾ ਤੇ ਸ਼ਹਿਰ ਵਿਚ ਤੇਰੇ ਲਈ ਕੋਈ ਮੁਸੀਬਤ ਖੜ੍ਹੀ ਕਰਕੇ ਆਪ ਖਿਸਕ ਜਾਵੇਗਾ।" ਕਬੂਤਰ ਆਖਦਾ।

ਭਾਵੇਂ ਕਬੂਤਰ ਨੇ ਕਿੱਟੂ ਕਾਂ ਨੂੰ ਸਮਝਾਇਆ ਸੀ, ਫਿਰ ਵੀ ਉਹ ਨਿਕੰਮੇ ਕੁੱਤੇ ਦੀਆਂ ਗੱਲਾਂ ਵਿਚ ਆ ਗਿਆ ਸੀ ਤੇ ਕੁੱਤੇ ਨਾਲ ਸ਼ਹਿਰ ਪਹੁੰਚ ਗਿਆ।

ਕਿੱਟੂ ਕਾਂ ਨੂੰ ਸ਼ਹਿਰ ਜਾਕੇ ਪਤਾ ਲੱਗਾ ਕਿ ਕਬੂਤਰ ਠੀਕ ਹੀ ਆਖਦਾ ਸੀ। ਕੁੱਤਾ, ਕਿਸੇ ਵੀ ਹੋਟਲ ਉੱਪਰ ਸਕਿਉਰਟੀ ਦਾ ਕੰਮ ਕਰਨ ਨਾ ਗਿਆ। ਤਿੰਨ-ਚਾਰ ਹੋਰ ਅਵਾਰਾ ਕੁੱਤਿਆਂ ਨਾਲ ਰਲ ਕੇ ਉਹ ਵੱਖ-ਵੱਖ ਹੋਟਲਾਂ-ਢਾਬਿਆਂ 'ਤੇ ਘੁੰਮਣ ਲੱਗ ਪਿਆ। ਕੁੱਤਾ, ਚਲਾਕੀ ਨਾਲ ਢਾਬਿਆਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਚੁਰਾਉਣ ਲੱਗ ਪਿਆ। ਉਸਨੇ ਕਿੱਟੂ ਕਾਂ ਨੂੰ ਵੀ ਖਾਣ-ਪੀਣ ਲਈ ਚੀਜ਼ਾਂ ਚੁਰਾ ਕੇ ਹੀ ਦਿੱਤੀਆਂ।