ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਂ ਨੂੰ ਦੁਬਾਰਾ ਉਡਣ ਜੋਗਾ ਹੋਣ ਲਈ ਅਜੇ ਦਿਨ ਲਗਣੇ ਸਨ ਤੇ ਇੱਲ ਦੇ ਚੋਗਾ ਲੈਣ ਜਾਣ ਵੇਲੇ ਕਿੱਟੂ ਕਾਂ ਨੂੰ ਕੋਈ ਸ਼ਿਕਾਰੀ ਫੁੰਡ ਸਕਦਾ ਸੀ। ਕਿੱਟੂ ਕਾਂ ਨੇ ਆਪਣੀ ਮਜਬੂਰੀ ਇੱਲ ਨੂੰ ਦੱਸੀ।

ਇੱਲ, ਕਿੱਟੂ ਕਾਂ ਨੂੰ ਰਾਜ਼ੀ ਹੋਣ ਤਕ ਆਪਣੇ ਆਲ੍ਹਣੇ ਵਿਚ ਰੱਖਣਾ ਚਾਹੁੰਦੀ ਸੀ ਪਰ ਸੁਰੱਖਿਆ ਦਾ ਧਿਆਨ ਕਰਦਿਆਂ ਉਹ ਕਿੱਟੂ ਕਾਂ ਨੂੰ ਚੁੱਕ ਕੇ ਇਕ ਪੰਛੀ-ਪ੍ਰੇਮੀ ਦੇ ਘਰ ਛੱਡ ਆਈ।

ਪੰਛੀ-ਪ੍ਰੇਮੀ ਨੇ ਆਪਣੇ ਘਰ ਪੰਛੀਆਂ ਲਈ ਭਾਂਤ-ਭਾਂਤ ਦੇ ਆਲ੍ਹਣੇ ਬਣਾਏ ਹੋਏ ਸਨ ਤੇ ਇਨ੍ਹਾਂ ਆਲ੍ਹਣਿਆਂ ਵਿਚ ਕਈ ਪੰਛੀ ਰਹਿ ਰਹੇ ਸਨ। ਪੰਛੀ-ਪ੍ਰੇਮੀ ਸਾਰੇ ਪੰਛੀਆਂ ਦੀ ਬੇਹੱਦ ਸੇਵਾ ਕਰਦਾ ਸੀ।

ਕਿੱਟੂ ਕਾਂ ਵੀ ਰਾਜ਼ੀ ਹੋਣ ਤਕ ਪੰਛੀ-ਪ੍ਰੇਮੀ ਦੇ ਘਰ ਰਹਿੰਦਾ ਰਿਹਾ। ਇਥੇ ਉਸਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਸੀ। ਰਾਜ਼ੀ ਹੋਣ ਤੋਂ ਬਾਅਦ ਕਿੱਟੂ ਕਾਂ ਨੇ ਪੰਛੀ-ਪ੍ਰੇਮੀ ਤੋਂ ਵਾਪਸ ਆਪਣੇ ਆਲ੍ਹਣੇ ਵਿਚ ਜਾਣ ਦੀ ਇਜ਼ਾਜਤ ਮੰਗੀ।

"ਕਿੱਟੂ ਕਾਂ! ਤੈਨੂੰ ਇਕ ਸ਼ਰਤ 'ਤੇ ਆਪਣੇ ਆਲ੍ਹਣੇ ਵਿਚ ਜਾਣ ਦੀ ਇਜ਼ਾਜਤ ਮਿਲੇਗੀ ਕਿ ਅੱਗੇ ਤੋਂ ਤੂੰ ਕਿਸੇ ਨਿਕੰਮੇ ਤੇ ਅਵਾਰਾ-ਗਰਦ ਦੀਆਂ ਗੱਲਾਂ ਵਿਚ ਨਹੀਂ ਆਵੇਂਗਾ।" ਪੰਛੀ-ਪ੍ਰੇਮੀ ਨੇ ਆਖਿਆ।

ਕਿੱਟੂ ਕਾਂ ਨੇ ਉਸੇ ਵਕਤ ਪੰਛੀ-ਪ੍ਰੇਮੀ ਨਾਲ ਕਿਸੇ ਨਿਕੰਮੇ ਤੇ ਅਵਾਰਾ-ਗਰਦ ਦੀਆਂ ਗੱਲਾਂ ਵਿਚ ਨਾ ਆਉਣ ਦਾ ਵਾਅਦਾ ਕੀਤਾ। ਪੰਛੀ-ਪ੍ਰੇਮੀ ਨਾਲ ਵਾਅਦਾ ਕਰਨ ਤੋਂ ਬਾਅਦ ਕਿੱਟੂ ਕਾਂ ਚਾਈਂ-ਚਾਈਂ ਆਪਣੇ ਆਲ੍ਹਣੇ ਨੂੰ ਤੁਰ ਪਿਆ।