ਸਮਾਂ ਬੀਤਦਾ ਗਿਆ। ਕੁਝ ਸਮੇਂ ਬਾਅਦ ਉਹ ਕੁਝ ਹੋਇਆ, ਜਿਸ ਵੱਲ ਚਿੰਕੂ ਚੂਹੇ ਨੇ ਮਾਣੋ ਬਿੱਲੀ ਦਾ ਧਿਆਨ ਦਿਵਾਇਆ ਸੀ। ਮਾਣੋ ਬਿੱਲੀ ਬੇਹੱਦ ਮੋਟੀ ਤੇ ਬੇਢਬੀ ਹੋ ਗਈ ਸੀ। ਉਸਦੀ ਨਿਗ੍ਹਾ ਕਮਜ਼ੋਰ ਹੋ ਗਈ ਸੀ ਤੇ ਦੰਦਾਂ ਵਿਚੋਂ ਵੀ ਖੂਨ ਵਗਣ ਲੱਗ ਪਿਆ ਸੀ।
ਹੌਲੀ-ਹੌਲੀ ਮਾਣੋ ਬਿੱਲੀ ਦੇ ਦੰਦ ਡਿੱਗਦੇ ਜਾ ਰਹੇ ਸਨ। ਮਾਣੋ ਬਿੱਲੀ ਦਾ ਮੂੰਹ ਚਿਪਕ ਗਿਆ ਸੀ ਤੇ ਉਹ ਸਮੇਂ ਤੋਂ ਪਹਿਲਾਂ ਬਜ਼ੁਰਗ ਲੱਗਣ ਲੱਗ ਪਈ ਸੀ।
ਮਾਲਕ ਕਈ ਦਿਨ ਵੇਖਦਾ ਰਿਹਾ। ਮਾਣੋ ਬਿੱਲੀ ਹੁਣ ਨਾ ਕਿਸੇ ਚੂਹੇ ਨੂੰ ਭੱਜ ਕੇ ਫੜ੍ਹ ਸਕਦੀ ਸੀ ਤੇ ਨਾ ਹੀ ਕਿਸੇ ਚੂਹੇ ਨੂੰ ਫੜ੍ਹ ਕੇ ਖਾ ਸਕਦੀ ਸੀ। ਮਾਣੋ ਬਿੱਲੀ ਦੀ ਚਾਲ-ਢਾਲ ਵੇਖ ਕੇ ਮਾਲਕ ਨੇ ਉਸ ਨੂੰ ਘਰ ਵਿਚ ਨਾ ਰੱਖਣ ਦਾ ਫੈਸਲਾ ਕਰ ਲਿਆ।
ਫਿਰ ਇਕ ਦਿਨ ਮਾਲਕ ਨੇ ਮਾਣੋ ਬਿੱਲੀ ਨੂੰ ਘਰੋਂ ਕੱਢ ਦਿੱਤਾ ਤੇ ਮਾਣੋ ਬਿੱਲੀ ਲਈ ਮੁਸੀਬਤ ਖੜ੍ਹੀ ਹੋ ਗਈ। ਮੋਟੀ-ਠੁੱਲੀ ਹੋਣ ਕਰਕੇ ਮਾਣੋ ਬਿੱਲੀ ਦੌੜ-ਭੱਜ ਕੇ ਆਪਣੇ ਲਈ ਭੋਜਨ ਦਾ ਪ੍ਰਬੰਧ ਨਹੀਂ ਸੀ ਕਰ ਸਕਦੀ ਤੇ ਮੂੰਹ ਵਿਚ ਦੰਦ ਨਾ ਹੋਣ ਕਰਕੇ ਦੁੱਧ ਤੋਂ ਬਿਨਾਂ ਉਹ ਹੋਰ ਕੁਝ ਖਾ-ਪੀ ਨਹੀਂ ਸੀ ਸਕਦੀ।
ਮਾਣੋ ਬਿੱਲੀ ਨੇ ਕਈ ਵਾਰ ਆਪਣੇ ਮਾਲਕ ਦੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਮਾਲਕ ਹਰ ਵਾਰ ਡਾਂਗ ਲੈ ਕੇ ਉਸਦੇ ਪਿੱਛੇ ਪੈ ਜਾਂਦਾ ਸੀ। ਹਾਰ ਕੇ ਮਾਣੋ ਬਿੱਲੀ ਨੇ ਇਕ ਅੱਖਾਂ ਦੇ ਡਾਕਟਰ ਤੋਂ ਆਪਣੀ ਨਿਗ੍ਹਾ ਚੈੱਕ ਕਰਵਾ ਕੇ ਐਨਕ ਲਗਵਾਈ। ਉਸਨੇ ਇਕ ਦੰਦਾਂ ਦੇ ਡਾਕਟਰ ਤੋਂ ਨਵੇਂ ਦੰਦ ਵੀ ਲਗਵਾਏ ਤੇ ਉਹ ਕਈ ਦਿਨ ਲਗਾਤਾਰ ਸਵੇਰ-ਸ਼ਾਮ ਕਸਰਤ ਕਰਦੀ ਰਹੀ। ਕਈ ਦਿਨਾਂ ਬਾਅਦ ਮਾਲਕ ਨੇ ਉਸਨੂੰ ਘਰ ਵੜਨ ਦਿੱਤਾ।
ਹੁਣ ਮਾਣੋ ਬਿੱਲੀ ਆਪਣੇ ਸਰੀਰ ਦੀ ਪੂਰੀ ਸਾਂਭ-ਸੰਭਾਲ ਕਰਦੀ ਸੀ ਤੇ ਉਹ ਨਿਯਮਤ ਕਸਰਤ ਵੀ ਕਰਦੀ ਸੀ। ਮਾਣੋ ਬਿੱਲੀ ਨੂੰ ਆਲਸ ਕਰਨ ਤੇ ਆਪਣੇ ਸਰੀਰ ਦੀ ਸਾਂਭ-ਸੰਭਾਲ ਨਾ ਕਰਨ ਦੀ ਨਸੀਹਤ ਮਿਲ ਗਈ ਸੀ।