ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/27

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਿੱਥੇ ਬਾਂਦਰ ਪਟਾਖੇ ਚਲਾ ਰਿਹਾ ਸੀ, ਉਥੇ ਨਜ਼ਦੀਕ ਹੀ ਇਕ ਲੂੰਬੜੀ ਰਹਿੰਦੀ ਸੀ। ਬਾਂਦਰ ਨੂੰ ਪਟਾਖੇ ਚਲਾਉਂਦੇ ਨੂੰ ਵੇਖ ਕੇ ਲੂੰਬੜੀ ਆਪਣੇ ਘੁਰਨੇ ਵਿਚੋਂ ਨਿਕਲ ਆਈ ਤੇ ਉਹ ਬਾਂਦਰ ਨੂੰ ਸਮਝਾਉਣ ਲੱਗੀ।

"ਬਾਂਦਰ ਭਰਾਵਾ! ਤੈਨੂੰ ਪਟਾਖੇ ਨਹੀਂ ਚਲਾਉਣੇ ਚਾਹੀਦੇ। ਪਟਾਖੇ ਚਲਾਉਣਾ, ਪੈਸੇ ਫੂਕਣ ਬਰਾਬਰ ਹੈ। ਜੇ ਤੂੰ ਥੋੜੇ-ਬਹੁਤੇ ਪਟਾਖੇ ਚਲਾਉਣੇ ਹੀ ਆ ਤੇ ਕਿਸੇ ਵਿਹਲੀ ਜਗ੍ਹਾ 'ਤੇ ਜਾਕੇ ਚਲਾ। ਇਥੇ ਐਵੇਂ ਕਿਸੇ ਦਾ ਨੁਕਸਾਨ ਕਰੇਂਗਾ।" ਲੂੰਬੜੀ ਨੇ ਆਖਿਆ ਪਰ ਬਾਂਦਰ ਢੀਠ ਹੀ ਨਹੀਂ, ਝਗੜਾਲੂ ਵੀ ਸੀ। ਲੂੰਬੜੀ ਦੀ ਗੱਲ ਮੰਨਣ ਦੀ ਥਾਂ, ਉਹ ਲੂੰਬੜੀ ਦੇ ਗਲ਼ ਪੈ ਗਿਆ।

"ਮੈਨੂੰ ਸਲਾਹ ਦੇਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ ਤੇ ਦੀਵਾਲੀ ਦਾ ਤਿਉਹਾਰ ਪਟਾਖੇ ਚਲਾਉਣ ਤੋਂ ਬਿਨਾਂ ਨਹੀਂ ਮਨਾਇਆ ਜਾਂਦਾ, ਸਮਝੀ।" ਬਾਂਦਰ ਨੇ ਆਖਿਆ ਤੇ ਉਹ ਹਵਾਈ ਚਲਾਉਣ ਲੱਗ ਪਿਆ।

ਬਾਂਦਰ ਤੋਂ ਡਰਦੇ ਸਾਰੇ ਪੰਛੀ ਆਪਣੇ ਬੱਚਿਆਂ ਨੂੰ ਲੈ ਕੇ ਦਰੱਖਤ ਦੇ ਤਣੇ ਨਾਲ ਸੰਘਣੇ ਪੱਤਿਆਂ ਵਿਚ ਬਣਾਏ ਆਲ੍ਹਣਿਆਂ ਵਿਚ ਚਲੇ ਗਏ ਸਨ।

ਪੰਛੀਆਂ ਨੂੰ ਸਤਾਉਣ ਦੇ ਇਰਾਦੇ ਨਾਲ ਢੀਠ ਬਾਂਦਰ ਨੇ ਵੀ ਹਵਾਈ ਨੂੰ ਦਰੱਖਤ ਦੇ ਮੁੱਢ ਨਾਲ ਰੱਖ ਕੇ ਅੱਗ ਲਗਾ ਦਿੱਤੀ। ਪਰ ਹਵਾਈ ਥੋੜ੍ਹਾ ਜਿਹਾ ਉੱਪਰ ਉੱਠੀ ਤੇ ਪੰਛੀਆਂ ਦੇ ਆਲ੍ਹਣਿਆਂ ਵੱਲ ਜਾਣ ਦੀ ਥਾਂ ਦਰੱਖਤ ਦੇ ਇਕ ਟਾਹਣ ਨਾਲ ਟਕਰਾ ਕੇ ਵਾਪਸ ਬਾਂਦਰ ਦੇ ਉੱਪਰ ਆਣ ਡਿੱਗੀ। ਬਾਂਦਰ ਭੱਜ ਕੇ ਮਸਾਂ ਬਚਿਆ। ਹਵਾਈ ਵਿਚਲਾ ਪਟਾਖਾ ਬਾਂਦਰ ਦੇ ਪੈਰਾਂ ਵਿਚ ਆਣ ਕੇ ਵੱਜਾ ਤੇ ਪਟਾਖੇ ਦੇ ਖੜਾਕ ਨਾਲ ਬਾਂਦਰ ਨੂੰ ਇੰਜ ਲੱਗਾ, ਜਿਵੇਂ ਉਹ ਇਕ ਵਾਰ ਬੋਲ਼ਾ ਹੋ ਗਿਆ ਹੋਵੇ। ਉਂਜ ਵੀ ਬਾਂਦਰ ਦੇ ਇਰਦ-ਗਿਰਦ ਧੂੰਆਂ-ਰੋਲ਼ੀ ਹੋ ਗਈ ਸੀ।

ਬਾਂਦਰ ਨੂੰ ਹੁਣ ਸਮਝ ਲੱਗੀ ਸੀ ਕਿ ਉਸਨੇ ਹਵਾਈ ਚਲਾ ਕੇ ਪੰਛੀਆਂ ਨੂੰ ਤੰਗ ਕਰਨ ਦੀ ਥਾਂ ਆਪਣੇ ਲਈ ਮੁਸੀਬਤ ਖੜ੍ਹੀ ਕਰ ਲਈ ਸੀ ਤੇ ਉਸਨੇ ਲੂੰਬੜੀ ਦੀ ਗੱਲ 'ਤੇ ਅਮਲ ਨਾ ਕਰਕੇ ਗਲਤੀ ਕੀਤੀ ਸੀ। ਬਾਂਦਰ ਨੇ ਵੀ ਅੱਗੇ ਤੋਂ ਪਟਾਖੇ ਨਾ ਚਲਾਉਣ ਤੇ ਉਂਜ ਹੀ ਹੱਸ-ਖੇਡ ਕੇ ਦੀਵਾਲੀ ਮਨਾਉਣ ਦਾ ਫ਼ੈਸਲਾ ਕਰ ਲਿਆ ਸੀ।