ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/30

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਏਟੀਐਮ ਦੇ ਬਾਹਰ ਬੰਦੂਕ ਲੈ ਕੇ ਪਹਿਰਾ ਦਿੰਦੇ ਆਦਮੀ ਨੇ ਕਾਂ ਨੂੰ ਕੁਝ ਨਹੀਂ ਆਖਣਾ ਸੀ। ਫਿਰ ਵੀ ਕਾਂ ਬੰਦੂਕ ਵਾਲੇ ਇਸ ਆਦਮੀ ਤੋਂ ਡਰਦਾ ਰਹਿੰਦਾ ਤੇ ਉਹ ਸਾਰੀ ਰਾਤ ਜਾਗਦਾ ਰਹਿੰਦਾ। ਨਿੱਕੇ ਹੁੰਦਿਆਂ ਕਾਂ ਆਪਣੇ ਬਜ਼ੁਰਗਾਂ ਤੋਂ ਸੁਣਦਾ ਹੁੰਦਾ ਸੀ ਕਿ ਇਸ ਤਰ੍ਹਾਂ ਦੇ ਬੰਦੂਕ ਵਾਲੇ ਆਦਮੀ ਪੰਛੀਆਂ ਨੂੰ ਮਾਰ ਮੁਕਾਉਂਦੇ ਹਨ।

ਕਿਸਾਨ ਦੇ ਖੇਤ ਵਿਚ ਜਿੱਥੇ ਕਾਂ ਰਹਿੰਦਾ ਸੀ, ਉਥੇ ਕਦੇ-ਕਦਾਈਂ ਹੀ ਕੋਈ ਬੰਦੂਕ ਵਾਲਾ ਆਦਮੀ ਆਉਂਦਾ ਹੁੰਦਾ ਸੀ। ਕਿਸਾਨ ਦੇ ਖੇਤ ਵਿਚ ਕਿਸੇ ਬੰਦੂਕ ਵਾਲੇ ਆਦਮੀ ਨੂੰ ਵੇਖਕੇ ਕਾਂ ਕੁਝ ਦੇਰ ਲਈ ਆਸੇ-ਪਾਸੇ ਹੋ ਜਾਂਦਾ ਹੁੰਦਾ ਸੀ ਪਰ ਇਥੇ ਸ਼ਹਿਰ ਵਿਚ ਬੰਦੂਕ ਵਾਲੇ ਆਦਮੀ ਤੋਂ ਆਸੇ-ਪਾਸੇ ਹੋਣ ਲਈ ਕਾਂ ਨੂੰ ਆਲ੍ਹਣਾ ਹੀ ਹੋਰ ਕਿਧਰੇ ਬਣਾਉਣਾ ਪੈਣਾ ਸੀ। ਇਸ ਤਰ੍ਹਾਂ ਬੰਦੂਕ ਵਾਲੇ ਆਦਮੀ ਤੋਂ ਡਰਦੇ ਮਾਰੇ ਕਾਂ ਨੇ ਇਥੇ ਵੀ ਨਾ ਰਹਿਣ ਦਾ ਫ਼ੈਸਲਾ ਕਰ ਲਿਆ। ਉਹ ਸ਼ਹਿਰ ਵਿਚ ਕੋਈ ਹੋਰ ਸੁਰੱਖਿਅਤ ਥਾਂ ਲੱਭਣ ਲੱਗ ਪਿਆ।

ਕਾਂ ਉਡਦਾ ਗਿਆ, ਉਡਦਾ ਗਿਆ ਤੇ ਉਸਨੇ ਬਸੇਰੇ ਵਾਸਤੇ ਸ਼ਹਿਰ ਵਿਚ ਇਕ ਹੋਰ ਘੱਟ ਆਵਾਜਾਈ ਵਾਲੀ ਸੜਕ ਲੱਭ ਲਈ। ਕਾਂ ਨੇ ਇਸ ਸੜਕ ਕੰਢੇ ਖੜ੍ਹੀ ਟਾਹਲੀ ਉੱਪਰ ਆਪਣਾ ਆਲ੍ਹਣਾ ਬਣਾ ਲਿਆ। ਭਾਵੇਂ ਇਸ ਟਾਹਲੀ ਦੇ ਨੇੜੇ ਕਿਧਰੇ ਵੀ ਏਟੀਐਮ ਨਹੀਂ ਸੀ, ਫਿਰ ਵੀ ਇਥੇ ਕਾਂ ਮੁਸ਼ਕਲ ਨਾਲ ਇਕ ਰਾਤ ਰਿਹਾ।

ਟਾਹਲੀ ਦੇ ਨੇੜੇ-ਤੇੜੇ ਕਿੰਨੀਆਂ ਹੀ ਵੈਲਡਿੰਗ ਕਰਨ ਵਾਲੀਆਂ ਦੁਕਾਨਾਂ ਸਨ ਤੇ ਵੈਲਡਿੰਗ ਦੀ ਤੇਜ਼ ਲਾਈਟ ਪੈ -ਪੈ ਕੇ ਕਾਂ ਦੀਆਂ ਇਕ ਦਿਨ ਵਿਚ ਹੀ ਅੱਖਾਂ ਸੁੱਜ ਗਈਆਂ ਸਨ।

ਹੁਣ ਕਾਂ ਨੇ ਸ਼ਹਿਰ ਵਿਚ ਸੜਕਾਂ ਤੋਂ ਪਿੱਛੇ ਘਰਾਂ ਕੋਲ ਰਹਿਣ ਦਾ ਫ਼ੈਸਲਾ ਕਰ ਲਿਆ। ਕਾਂ ਨੇ ਘੁੰਮ-ਫਿਰ ਕੇ ਘਰਾਂ ਵਿਚਾਲੇ ਇਕ ਪਾਰਕ ਲੱਭ ਲਿਆ| ਪਾਰਕ ਦੀ ਇਕ ਨੁੱਕਰ ਵਿਚ ਇਕ ਸ਼ਹਿਤੂਤ ਖੜ੍ਹਾ ਸੀ। ਕਾਂ ਨੇ ਸ਼ਹਿਤੂਤ ਉੱਪਰ ਆਪਣਾ ਆਲ੍ਹਣਾ ਬਣਾ ਲਿਆ।

ਇਸ ਪਾਰਕ ਵਿਚ ਆਕੇ ਕਾਂ ਬੇਹੱਦ ਖੁਸ਼ ਸੀ। ਪਾਰਕ ਵਿਚ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਲੋਕ ਆਉਂਦੇ-ਜਾਂਦੇ ਰਹਿੰਦੇ ਸਨ ਤੇ ਬੱਚੇ ਖੇਡਦੇ ਰਹਿੰਦੇ ਸਨ। ਪਾਰਕ ਅਬਾਦੀ ਵਿਚ ਹੋਣ ਕਰਕੇ ਕਾਂ ਨੂੰ ਇਥੇ ਖਾਣ-ਪੀਣ ਦੀ ਵੀ ਮੌਜ ਹੋ ਗਈ ਸੀ। ਪਰ ਕਾਂ ਦੀ ਇਹ ਮੌਜ ਬਹੁਤ ਥੋੜ-ਚਿਰੀ ਸੀ।