ਪੰਨਾ:ਸ਼ਹੀਦੀ ਜੋਤਾਂ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੪)

ਗੁਰੂ ਜੀ ਪੰਥ ਨੂੰ ਗੱਦੀ ਦੇਂਦੇ ਹਨ

ਏਨੇ ਨੂੰ ਦਿਨ ਲੰਘਿਆ, ਪੈ ਗਈ ਸਿਰ ਤੇ ਰਾਤ।
ਪੰਜੇ ਸਿੰਘ ਸਤਿਗੁਰਾਂ ਨੂੰ, ਇੰਜ ਸੁਨਾਵਨ ਬਾਤ।
ਸਤਿਗੁਰ ਸਚੇ ਪਾਤਸ਼ਾਹ, ਪੰਥ ਹੈ ਅਜੇ ਅੰਞਾਣ।
ਹਾਲੇ ਲੋੜ ਤੁਸਾਡੜੀ, ਭਾਰੀ ਵਿਚ ਜਹਾਨ।
ਨਿਕਲ ਗੜ੍ਹੀ ਚੋਂ ਗੁਰੂ ਜੀ, ਜਾਵੋ ਤੁਸੀਂ ਪਧਾਰ।
ਅਸੀਂ ਸ਼ਹੀਦ ਹੋ ਜਾਂਗੇ, ਵਾਹ ਦਿਨ ਨੂੰ ਤਲਵਾਰ।
ਕਹਿਣ ਗੁਰੂ ਜੀ ਇਸਤਰਾਂ, ਹੋ ਨਹੀਂ ਸਕਦੀ ਕਾਰ।
ਰਣ ਤਤੇ ਵਿਚ ਛਡ ਕੇ, ਜਾਵਾਂ ਕਿਵੇਂ ਪਧਾਰ।
ਜੂਝ ਗਏ ਨੇ ਧਰਮ ਹਿਤ, ਜਿਥੇ ਕੁਲ ਮੁਰੀਦ।
ਮੈਂ ਭੀ ਉਸ ਮੈਦਾਨ ਵਿਚ, ਹੋਵਾਂ ਅਜ ਸ਼ਹੀਦ।
ਦੁਸ਼ਮਨ ਹਾਸਾ ਕਰਨਗੇ, ਪਿਛੋਂ ਤਾੜੀ ਮਾਰ।
ਐਸੀ ਨੀਤੀ ਸਿੰਘ ਜੀ, ਮਾੜੀ ਵਿਚ ਸੰਸਾਰ।
ਫੇਰ ਗੁਰਾਂ ਨੂੰ ਆਖਦੇ, ਪੰਜੇ ਰਲ ਕੇ ਅੰਜ।
ਸਾਹਿਬ ਬਣਾਏ ਤੁਸਾਂ ਨੇ, ਆਪ ਪਿਆਰੇ ਪੰਜ।
ਅਗੇ ਕੀਤੀ ਤੁਸਾਂ ਦੇ, ਪਾਸ ਅਸਾਂ ਅਰਦਾਸ।
ਹੁਕਮ ਤੁਹਾਨੂੰ ਅਸੀਂ ਹੁਣ, ਹਾਂ ਇਉਂ ਦੇਂਦੇ ਖਾਸ।
ਜਾਵੋ ਨਿਕਲ ਗੜ੍ਹੀ ਚੋਂ; ਏਸੇ ਪਲ ਮਹਾਰਾਜ।
ਸਿਰੇ ਚੜ੍ਹਾਉ ਹੋਰ ਜੋ, ਵਿਗੜੇ ਹਾਲਾਂ ਕਾਜ।
ਏਸ ਹੁਕਮ ਨੂੰ ਸਤਿਗੁਰੂ, ਫੇਰ ਨਾ ਸਕੇ ਮੂਲ।
ਕਿਉਂਕਿ ਕੀਤਾ ਕੈਮ ਸੀ, ਉਹਨਾਂ ਆਪ ਅਸੂਲ।