ਪੰਨਾ:ਸ਼ਹੀਦੀ ਜੋਤਾਂ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੮)

ਇਕ ਸਾਥ ਅੰਵਾਣ ਸਿਆਲ ਦੂਜਾ,
ਤੀਜਾ ਘਰ ਪਰੋਹਤ ਦੇ ਆਂਵਦੇ ਨੇ।
ਮਾਇਆ ਨਾਂਗਣੀ ਦਾ ਤੋੜਾ ਕੋਲ ਚੌਥਾ,
ਝਾੜੀਂ ਬੂਟੀਂ ਪਏ ਸੀਸ ਛੁਪਾਂਵਦੇ ਨੇ।
ਬਾਕੀ ਬਚਨ ਦੀ ਆਸ ਉਮੈਦ ਕਾਹਦੀ,
ਆ ਚੁਪਾਸਿਓਂ ਵੈਰੀ ਦਬਾਂਵਦੇ ਨੇ।
ਘਰ ਗੰਗੂ ਦੇ ਪਿਛਲੀ ਕੋਠੜੀ ਬਹਿ,
ਮਾਤਾ ਗੁਜਰੀ ਜੀ ਸਮਾਂ ਲੰਘਾਂਵਦੇ ਨੇ।
ਭਿਜੇ ਕਪੜੇ ਸੁਕੇ ਤਾਂ ਸੀਤ ਲਥਾ,
ਸਮਾ ਯਾਦ ਕਰ ਕਰ ਪੁਛਣ ਸਾਹਿਬਜ਼ਾਦੇ।
ਕਦੋਂ ਦਾਦੀ ਜੀ ਮਿਲਣਗੇ ਪਿਤਾ ਹੋਰੀਂ,
ਇਉਂਫਰੀਆਦ ਕਰ ਕਰ ਪੁਛਣ ਸਾਹਿਬਜ਼ਾਦੇ।

ਸ੍ਰੀ ਮਾਤਾ ਗੁਜਰੀ ਜੀ ਦਾ ਜਵਾਬ


ਜੀਵਨ ਜੋਗਿਓ ਜੰਮੇ ਓ ਦੁਖਾਂ ਜੋਗੇ,
ਲਿਆ ਦੁਖਾਂ ਚੁਫੇਰਿਓਂ ਘੇਰ ਸਾਨੂੰ।
ਸਾਡੇ ਸੀਸ ਉਤੇ ਪੈ ਗਈ ਰਾਤ ਕਾਲੀ;
ਪਤਾ ਨਹੀਂ ਕਦੇ ਚੜੇ ਸੁਵੇਰ ਸਾਨੂੰ।
ਅਸੀਂ ਅਜ ਕੱਖਾਂ ਨਾਲੋਂ ਹੋਏ ਹੌਲੇ,
ਕੀਤਾ ਸਾਡੀਆਂ ਗਲਤੀਆਂ ਜ਼ੇਰ ਸਾਨੂੰ।
ਕਿਲਾ ਛੱਡ ਕੇ ਅਸੀਂ ਬਰਬਾਦ ਹੋਏ,
ਜਿਧਰ ਵੇਖੀਏ ਦਿਸੇ ਹਨੇਰ ਸਾਨੂੰ।