ਪੰਨਾ:ਸ਼ਹੀਦੀ ਜੋਤਾਂ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੪)

'ਗੋਹਲਵਾੜ' ਨੇੜੇ ਜਦ ਅਪੜੇ, ਜੋਧੇ ਧੂੜ ਧੁਮ ਦੇ।
ਉਥੇ ਅਗੇ ਦੁਸ਼ਟ ਦੁਰਾਨੀ, ਪਏ ਸਨ ਲੁਟ ਮਚਾਂਦੇ।
ਖਾਲਸਿਆਂ ਨੂੰ ਡਕਿਆ ਅਗੋਂ, ਸਰ ਬੁਲੰਦ ਖਾਂ ਆਕੇ।
ਅੰਮ੍ਰਿਤਸਰ ਦੇ ਚਾਰ ਚੁਫੇਰਿਓਂ, ਰੋਕ ਰਖੇ ਸਨ ਨਾਕੇ।

ਲੜਾਈ ਸ਼ੁਰੂ

ਪਉੜੀ-


ਦੋਂਹ ਦਾਂਵਾਂ ਤੋਂ ਸੂਰਮੇਂ, ਲਾ ਚੋਟ ਨਗਾਰੇ।
ਹਥੀਂ ਤੇਗ਼ਾਂ ਸੂਤਕੇ, ਰਣ ਜੁਟੇ ਸਾਰੇ।
ਕਿਧਰੇ ਗੋਲੀ ਚਲ ਪਈ, ਕਿਧਰੇ ਅਣੀਆਲੇ।
ਕਿਧਰੇ ਜੁਟੇ ਸੂਰਮੇਂ, ਫੜ ਨੇਜ਼ੇ ਭਾਲੇ।
ਮਾਰੋ ਮਾਰ ਮੈਦਾਨ ਵਿਚ, ਮਚੀ ਪਲ ਅੰਦਰ।
ਵਿਚ ਲਹੂਆਂ ਲੇਟਣ ਸੂਰਮੇ, ਮਛੀਆਂ ਜਲ ਅੰਦਰ।
ਬੁਕਣ ਸਿੰਘ ਮੈਦਾਨ ਵਿਚ, ਧੂਹ ਕੇ ਤਲਵਾਰਾਂ।
ਲਾਵਣ ਅਗੇ ਸ਼ੇਰ ਜਿਉਂ, ਹਰਨਾਂ ਦੀਆਂ ਡਾਰਾਂ।
ਲੜਦੇ ਬੰਨ ਬੰਨ ਪੈਂਤੜੇ, ਦਲ ਹੋਏ ਲੜਾਕੇ।
ਸਿੰਘ ਲੜਦੇ ਖਾਤਰ ਧਰਮ ਦੀ, ਉਹ ਖਾਤਰ ਡਾਕੇ।
ਸਿੰਘ ਕਹਿੰਦੇ ਜਾਨਾਂ ਦੇਣੀਆਂ, ਘਰ ਗੁਰ ਦੇ ਆਕੇ।
ਪਰ ਲੜਨ ਦੁਰਾਨੀ ਸੂਰਮੇਂ, ਕੁਝ ਬਚ ਬਚਾਕੇ।
ਉਹ ਚਾਹੁਣ ਘਰਾਂ ਨੂੰ ਪਰਤਣਾ, ਪਾ ਲੁਟਾਂ ਧਾੜੇ।
ਇਹ ਚਾਹੁਣ ਬਚਾਣਾ ਘਰਾਂ ਨੂੰ, ਬੰਦ ਹੋਣ ਉਜਾੜੇ।