ਪੰਨਾ:ਸ਼ਹੀਦੀ ਜੋਤਾਂ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬o)

ਸ਼ੁਕਰ ਸ਼ੁਕਰ ਕਰ ਮੰਨਿਆਂ ਭਾਣਾ, ਈਨ ਕਿਸੇ ਨਾਂ ਮੰਨੀ।
ਮਾਰਦੇ ਮਰਦੇ ਦੁਖੜੇ ਜਰਦੇ, ਰਹੇ ਕਲਾ ਵਿਚ ਚੜ੍ਹਦੀ।
ਤੁਲੇ ਸਿਦਕ ਦੇ ਬੰਨ ਕੇ ਤੁਰ ਗਏ, ਛਲ ਉਸ ਮਾਰੂ ਹੜਦੀ।
ਸਾਗ ਪਾਤ ਜੰਗਲ ਦੇ ਖਾ ਕੇ, ਪੜ੍ਹਨ ਗੁਰਾਂ ਦੀ ਬਾਣੀ।
ਖਿੜ ਖਿੜ ਹਸਣ ਵੇਖ ਮੁਸੀਬਤ, ਕੁਦਰਤ ਜਾਨ ਰਬਾਣੀ।
ਡਰਨ ਮੁਸੀਬਤ ਕੋਲੋਂ ਜੇਹੜੇ, ਚੜੇ ਮੁਸੀਬਤ ਕੰਧੀ।
ਕਰਨ ਮੁਸੀਬਤ ਨੂੰ ਜੇ ਠੱਠਾ, ਹੋਏ ਅੱਖਾਂ ਤੋਂ ਅੰਧੀ।
ਏਦਾਂ ਏਹ ਸਿਰਲੱਥ ਬਹਾਦਰ, ਬਨ ਵਿਚ ਵਕਤ ਗੁਜ਼ਾਰਨ।
ਗਾਜਰ, ਮੂਲੀ, ਪੇਂਜੂ ਖਾ ਖਾ, ਰਬ ਦਾ ਸ਼ੁਕਰ ਗੁਜ਼ਾਰਨ।
ਇਕ ਦਿਨ ਕਰਨਾ ਰੱਬ ਦਾ ਹੋਇਆ, ਰਾਹੀ ਸੀ ਕੁਛ ਜਾਂਦੇ।
ਨਜ਼ਰ ਉਨ੍ਹਾਂ ਦੀ ਪੈ ਗਏ ਦੋਵੇਂ, ਏਦਾਂ ਗਲ ਹਲਾਂਦੇ।
ਇਕ ਕਹੇ ਏਹ ਸਿੰਘ ਜਾਪਦੇ, ਵੇਖੇ ਕਦੇ ਕਦਾਈਂ।
ਸਿੰਘ ਨਹੀਂ ਏਹ ਹੈਨ ਧਾੜਵੀ, ਕਹੇ ਦੂਜਾ ਉਸ ਤਾਈਂ।
ਤੀਜਾ ਕਹਿੰਦਾ ਨਹੀਂ ਏਹ ਗਿਦੜ, ਲੁਕਦੇ ਫਿਰਨ ਵਿਚਾਰੇ।
ਸਿੰਘ ਹੁੰਦੇ ਤਾਂ ਏਦਾਂ ਕਾਹਨੂੰ, ਛਪਦੇ ਡਰਦੇ ਮਾਰੇ।
ਏਦਾਂ ਕਰ ਉਹ ਕਾਰਾ ਰਾਹੀ, ਲੰਘ ਗਏ ਕੁਝ ਅਗੇ।
ਬੋਤਾ ਸਿੰਘ ਜੀ ਸਾਥੀ ਤਾਈਂ, ਇੰਜ ਸੁਨਾਵਨ ਲਗੇ।
ਵੀਰਾ ਸੁਣਿਆਂ ਈ ਜਗ ਸਾਨੂੰ, ਕੀਕੂੰ ਬੋਲੀਆਂ ਮਾਰੇ।
ਸਿੰਘਾਂ ਤਾਈਂ ਨਹੀਂ ਸੋਭਦੇ, ਏਦਾਂ ਦੇ ਵਰਤਾਰੇ।
ਲੋਕੀ ਆਖਣ ਸਿੰਘ ਮੁਕ ਗਏ, ਸਾਨੂੰ ਕਾਇਰ ਕਹਿੰਦੇ।
ਸਿੰਘ ਹੋਣ ਜੋ ਅੰਮ੍ਰਿਤਧਾਰੀ, ਲੁਕ ਛਿਪ ਕੇ ਨਹੀਂ ਰਹਿੰਦੇ।
ਉਠ ਹੁਣ ਸੀਸ ਤਲੀ ਤੇ ਧਰ ਲੈ, ਰਹੀਏ ਨਾਹੀਂ ਸੁਤੇ।
ਉਚੀ ਸ਼ਾਨ ਗੁਰੂ ਦੇ ਸਿੰਘ ਦੀ, ਕਰੀਏ ਦੁਨੀਆਂ ਉਤੇ।