ਪੰਨਾ:ਸ਼ਹੀਦੀ ਜੋਤਾਂ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੮)

ਦੇਵੇ ਸੂਬਾ ਫਿਟਕਾਂ ਸਾਨੂੰ, ਰੰਡੀਆਂ ਹੋਵਣ ਨਾਰਾਂ।
ਸੰਡਿਆਂ ਵਰਗੇ ਜੋਧੇ ਢਾਹ ਲਏ, ਦੋ ਸੁਕੜੇ ਸਰਦਾਰਾਂ।
ਮਾਰੂ ਢੋਲ ਵਜਾਇਆ ਇਕ ਦੰਮ, ਫੇਰ ਮੁਗਲ ਨੇ ਪਲਾ।
ਇਕੋ ਵਾਰੀ ਹੀ ਗਲ ਪੈ ਗਏ, ਕਰਕੇ ਸਾਰੇ ਹਲਾ।
ਢਾਲਾਂ ਉਤੇ ਮਾਰਨ ਲਗੇ, ਇਉਂ ਜੋਧੇ ਤਲਵਾਰਾਂ।
ਲੋਹੇ ਜਿਵੇਂ ਅਹਿਰਨਾਂ ਉਤੇ, ਰਖੇ ਹੋਣ ਲੁਹਾਰਾਂ।
ਇਉਂ ਰਣ ਦੇ ਵਿਚ ਢਠੇ ਮੁਰਦੇ, ਵਢਣ ਜਟ ਜਵਾਰਾਂ।
ਟੁਟੀਆਂ ਤੇਗ਼ਾਂ ਹੋਏ ਨਿਤਾਣੇ, ਮਾਰ ਮਾਰਕੇ ਮਾਰਾਂ।
ਛਨਨੀ ਛਨਨੀ ਹੋਏ ਜੁਸੇ, ਲਗੇ ਫਟ ਹਜ਼ਾਰਾਂ।
ਹੋ ਟੋਟੇ ਰਣ ਅੰਦਰ ਡਿਗੇ, ਸਾਥ ਛਡੇ ਹਥਿਆਰਾਂ।
ਨੇਜ਼ਿਆਂ ਤੇ ਟੰਗ ਸੀਸ ਦੁਹਾਂ ਦੇ, ਮੁਗ਼ਲ ਪੰਜਾਹ ਮਰਵਾਕੇ।
ਵੜੇ ਲਾਹੌਰ ਆ ਬਰਕਤ ਸਿੰਘਾ, ਕਿਰਤੀ ਵਢ ਵਢਾਕੇ।