ਪੰਨਾ:ਸ਼ਹੀਦੀ ਜੋਤਾਂ.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੯)

ਹਥ ਕਲਮ ਮਨ ਮੰਨੀ ਕਰ ਲੈ, ਕਰ ਲੈ ਖੁਸ਼ੀ ਬਖੀਲਾਂ ਨੂੰ।
ਮਾਸ ਖਵਾ ਦੇ ਭਾਵੇਂ ਮੇਰਾ, ਕਾਵਾਂ ਕੁਤਿਆਂ ਚੀਲਾਂ ਨੂੰ।
ਥੰਮ ਸਿਦਕ ਦਾ ਪੁਟ ਨਹੀਂ ਸਕਦੇ, ਸਦ ਲੈ ਜ਼ਿਬਰਾਈਲਾਂ ਨੂੰ।
ਪਾਸ ਖੁਦਾ ਦੇ ਬਰਕਤ ਸਿੰਘਾ, ਸੁਣਿਆ ਜਾਊ ਅਪੀਲਾਂ ਨੂੰ।
ਉਥੇ ਗੱਲ ਨਾ ਹੋਣੀ ਤੈਥੋਂ, ਲੈ ਚਲ ਨਾਲ ਵਕੀਲਾਂ ਨੂੰ।
ਕੇਸ ਬੜਾ ਮਜ਼ਬੂਤ ਅਸਾਡਾ, ਕਰੂ ਕੌਣ ਦਲੀਲਾਂ ਨੂੰ।
ਤੇਗ਼ ਜ਼ਬਰ ਦੀ ਫੜ ਕੇ ਹਥੀਂ, ਕੋਹਵੇਂ ਨਿਤ ਅਸੀਲਾਂ ਨੂੰ।
ਰੁਕਣੀ ਗਡੀ ਬਰਕਤ ਸਿੰਘਾ, ਲੰਘ ਜ਼ਿੰਦਗੀ ਦੇ ਮੀਲਾਂ ਨੂੰ।

ਸੂਬਾ ਹੁਕਮ ਦੇਂਦਾ ਹੈ


ਆਗੂ ਖੂਨੀਆਂ, ਲੀਡਰ ਲੁਟੇਰਿਆਂ ਦਾ,
ਏਥੇ ਆਣ ਨਸੀਹਤਾਂ ਕਰਨ ਲੱਗਾ।
ਬੁਢੇ ਵਾਰੇ ਠਾਕਰ ਦਵਾਰੇ ਠੱਗ ਬੈਠਾ,
ਮੱਤਾਂ ਲੋਕਾਂ ਨੂੰ ਦੇਂਵਦਾ ਮਰਨ ਲੱਗਾ।
ਪਿੰਜੋ ਰੂਈ ਵਾਂਗਰ ਏਹਨੂੰ ਚਾਹੜ ਚਰਖੀ,
ਵੇਖਾਂ ਕਿਵੇਂ ਮੈਂ ਦੁਖ ਏਹ ਜਰਨ ਲੱਗਾ।
ਮੇਰੇ ਜ਼ਬਰ ਦੀ ਵਗਦੀ ਨਦੀ ਮਾਰੂ,
ਬੇੜੀ ਸਿਦਕ ਦੀ ਬੈਠ ਨਹੀਂ ਤਰਨ ਲੱਗਾ।
ਭੰਨ ਹੱਡ ਗੋਡੇ, ਤੇਜ਼ ਕਰ ਖੰਭੇ,
ਵਾਂਗੂੰ ਦਾਣਿਆਂ ਮਾਸ ਤਰੋੜ ਦੇਣਾ।
ਪੀੜੇ ਵੇਲਣਾ ਜਿਵੇਂ ਕਮਾਦ ਤਾਈਂ,
ਰੱਤ ਮਿਝ ਤਮਾਮ ਨਚੋੜ ਦੇਣਾ।