ਪੰਨਾ:ਸ਼ਹੀਦੀ ਜੋਤਾਂ.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੧)


ਸੂਬੇ ਰਖੀਆਂ ਸਾਹਵੇਂ ਨਵਾਬੀਆਂ ਜੇ,
ਤਾਂ ਵੀ ਝਾਸਿਆਂ ਦੇ ਅੰਦਰ ਆਂਵਦੇ ਨਾ।
ਸਿੱਖੀ ਸੂਲੀ ਤੇ ਕੂਕਦੇ ਬਰਕਤ ਸਿੰਘਾ,
ਕਲਮਾ ਨਬੀ ਦਾ ਭੁਲ ਵੀ ਗਾਂਵਦੇ ਨਾ।
ਕੰਬਣਾ ਅੰਗ ਸਾਡੇ ਜਿਉਂ ਜਿਉਂ ਅੰਗ ਟੁਟਨ,
ਕੰਬੇ ਜਾਨ ਨਾ 'ਜਾਨ ਜਗਾਰਿਆਂ' ਦੀ।
ਦੁਨੀਆਂ ਜੁਗਾਂ ਤੀਕਰ 'ਮੜੀ' ਪੂਜਦੀ ਰਹੂ,
ਏਹਨਾਂ ਅਣਖੀਆਂ 'ਚਾਨਣ ਮੁਨਾਰਿਆਂ' ਦੀ।
ਖੂਨੀ ਚਰਖ ਦੇ ਖੂਨੀਆਂ ਮਾਰ ਗੇੜੇ,
ਕੁਲ ਚੁਰਾਸੀਆਂ ਦੇ ਗੇੜੇ ਕਟ ਦਿਤੇ।
ਮਾਸ ਪਾ ਦਿਤਾ ਕਾਵਾਂ ਕੁਤਿਆਂ ਨੂੰ,
ਹਡ ਖੂਹ ਅੰਦਰ ਫੜ ਕੇ ਸਟ ਦਿਤੇ।
ਫਖਰ ਨਾਲ ਲੋਕੀਂ ਵਾਰਾਂ ਗਾਂਵਦੇ ਨੇ,
'ਸੋਹਣੀ' ਲਈ 'ਸੋਹਣੇ' ਚੀਰ ਪਟ ਦਿਤੇ।
ਏਥੇ ਗੰਜ ਸ਼ਹੀਦਾਂ ਦੇ ਲਗੇ ਹੋਏ ਨੇ,
ਜਿਨ੍ਹਾਂ ਸਿਰਾਂ ਦੇ ਝਟਨੇ ਝਟ ਦਿਤੇ।
ਦਰਜਾ ਦੇਸ਼ ਦਾ ਕਰਨ 'ਸ਼ਹੀਦ' ਉੱਚਾ,
ਕਾਇਆਂ ਕੌਮਾਂ ਦੀ ਹੈਨ ਪਲਟਾ ਦੇਂਦੇ।
ਲਹੂ ਨਾਲ 'ਅਨੰਦ' ਉਲੀਕ ਨਕਸ਼ੇ,
ਜ਼ੱਰੇ ਜ਼ੱਰੇ ਨੂੰ ਸੂਰਜ ਬਣਾ ਦੇਂਦੇ।