ਪੰਨਾ:ਸ਼ਹੀਦੀ ਜੋਤਾਂ.pdf/184

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੮੩)

ਮੈਨੂੰ ਵੀ ਪੈਮਾਨੇ ਵਿਚੋਂ, ਦੇ ਜਾਂਦਾ ਘੁਟ ਸਾਕੀ।
ਚਿੰਤਾ, ਹਿਜਰ, ਵਿਛੋੜੇ ਅੰਦਰ, ਗੁਜ਼ਰੇ ਉਮਰ ਨਾ ਬਾਕੀ।
ਇਉਂ ਵਿਚਾਰ ਕਮਰ ਕੱਸ ਜੋਧੇ, ਜੰਗਲੋਂ ਕੀਤੀ ਧਾਈ।
ਭਖੀ ਕਚਹਿਰੀ ਵਿੱਚ ਸੂਬੇ ਨੂੰ, ਆਕੇ ਫਤਹਿ ਬੁਲਾਈ।
ਪੀਂਘ ਹਕੂਮਤ ਵਾਲੀ ਜ਼ਾਲਮ, ਬਹੁਤੀ ਤੁਸਾਂ ਚੜਾਈ।
ਅੰਨ੍ਹੇ ਹੋਏ ਮਧ ਦੇ ਅੰਦਰ, ਅਦਲ ਕਰੋ ਨਾ ਕਾਈ।
ਖੂਨ ਮਸੇ ਦੇ ਕਾਰਨ ਫੜ ਫੜ, ਕਿਉਂ ਬੇਦੋਸ ਖਪਾਵੇਂ।
ਅਸਲ ਮਸੇ ਦਾ ਮੈਂ ਹਾਂ ਕਾਤਲ, ਕਰ ਲੈ ਜੀਕੁਣ ਚਾਹਵੇਂ।
ਮੈਂ ਹੀ ਲਾਹਿਆ ਸਿਰ ਮਸੇ ਦਾ, ਅਪਣਾ ਭੇਸ ਵਟਾ ਕੇ।
ਮੈਂ ਕੰਜਰੀ ਦਾ ਜ਼ੇਵਰ ਲਾਹਿਆ, ਸਿਰ ਉਹਦਾ ਝਟਕਾ ਕੇ।
ਮਹਿਤਾਬ ਸਿੰਘ ਤਾਂ ਸੰਤ ਪੁਰਸ਼ ਸੀ, ਖੂਨ ਜਿਦਾ ਤੂੰ ਪੀਤਾ।
ਦਿਤੀ ਰੱਬ ਹਕੂਮਤ ਤੈਨੂੰ, ਅਦਲ ਕਰੀਂ ਬਦਨੀਤਾ।
ਸਾਡੇ ਧਰਮ ਉਤੇ ਅੱਖ ਗਹਿਰੀ, ਕਰਦਾ ਜੋ ਅਨਿਆਈ।
ਹੈ ਸ਼ਕਤੀ ਕਿ ਕੱਢ ਦੇਵੀਏ, ਅੱਖ ਉਸਦੀ ਤਾਂਈ।
ਪਾਪੀ ਨੂੰ ਹੀ ਪਾਪ ਉਸਦੇ, ਮਾਰਨ ਫੜ ਕੇ ਜਾਨੋਂ।
ਖਟ ਲੈ ਨੇਕੀ ਬਰਕਤ ਸਿੰਘਾ, ਤੂੰ ਕੁਝ ਏਸ ਜਹਾਨੋਂ।

ਸੂਬਾ


ਸੱਪ ਵਾਂਗ ਸੂਬਾ ਵਿਸ ਘੋਲ ਕਹਿੰਦਾ,
ਸੁਤੇ ਸ਼ੇਰ ਨੂੰ ਆਣ ਜਗਾਇਆ ਕਿਉਂ।
ਤੈਨੂੰ ਜ਼ਿੰਦਗੀ ਦੀ ਨਹੀਂ ਸੀ ਲੋੜ ਕਾਫਰ,
ਹਥ ਮੂੰਹ ਬਘਿਆੜ ਦੇ ਪਾਇਆ ਕਿਉਂ।