ਪੰਨਾ:ਸ਼ਹੀਦੀ ਜੋਤਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੩)

ਢਾਹ ‘ਹਰਿਮੰਦਰ’ ਸਾਫ ਕਰ ਦਿਉ, ਸਾਰਾ ਠਾਠ ਅਮੀਰੀ।
ਫੌਜ ਚੜੀ ਜਦ ਧੂੜਾਂ ਧੁੰਮੀਆਂ, ਜਗ ਤੇ ਪਈ ਦੁਹਾਈ।
ਨਸ ਭਜ ਗਈ ਜਾਨ ਬਚਾ ਕੇ, ਜੋ ਸੰਗਤ ਸੀ ਆਈ।
ਮਨੀ ਸਿੰਘ ਨੇ ਕੀਤੀਆਂ ਖਬਰਾਂ, ਸਿੰਘਾਂ ਤਾਈਂ ਸਾਰੇ।
ਸਿੰਘੋ, ਨਾ ਅੰਮ੍ਰਿਤਸਰ ਔਣਾ, ਫਿਰ ਗਏ ਦੇ ਹਤਿਆਰੇ।
ਬੀਤ ਗਏ ਜਾਂ ਦਿਨ ਕੁਝ ਮੁੜਕੇ, ਹੁਕਮ ਲਾਹੌਰੋਂ ਆਇਆ।
ਮੇਲੇ ਦਾ ਮਾਸੂਲ ਤਮਾਮੀ, ਜਾਵੇ ਤੁਰਤ ਪਚਾਇਆ।
ਜੇ ਨਾਂ ਦੇ ਮਸੂਲ ਮਨੀ ਸਿੰਘ, ਕਰੇ ਸ਼ੇਖੀਆਂ ਅੜੀਆਂ।
ਘਲ ਦਿਉ ਲਾਹੌਰ ਉਸ ਨੂੰ, ਮਾਰ ਪੁਠੀਆਂ ਕੁੜੀਆਂ।
ਆ ਕਾਜ਼ੀ ਨੇ ਮਨੀ ਸਿੰਘ ਨੂੰ, ਆਖਿਆ ਸਿੰਘ ਸਰਦਾਰਾ।
ਪੰਜ ਹਜ਼ਾਰ ਮਾਸੂਲ ਜੋ ਕੀਤਾ, ਜਲਦੀ ਭਰ ਦੇ ਸਾਰਾ।
ਨਹੀਂ ਤਾਂ ਲਾ ਹਥਕੜੀਆਂ ਤੈਨੂੰ, ਜਾਊ ਲਾਹੌਰ ਪੁਚਾਇਆ।
ਆਪੇ ਸੂਬਾ ਕਰੂ ਫੈਸਲਾ, ਜੋ ਉਹਦੇ ਦਿਲ ਆਇਆ।
ਕਿਹਾ ਸਿੰਘ ਨੇ ਕਾਜ਼ੀ ਸਾਹਿਬ, ਆਈ ਨਾਂ ਇਕ ਪਾਈ।
ਤੋੜਕੇ ਵਹਿਦੇ ਆਪ ਤੁਸਾਂ ਨੇ, ਖਲਕਤ ਕੁਲ ਡਰਾਈ।
ਮੇਲਾ ਲਗਦਾ ਤਾਂ ਦੇ ਦੇਂਦਾ, ਚੁਕੀਆਂ ਪੁਠੀਆਂ ਕਾਰਾਂ।
ਪੰਜ ਰੁਪਈਏ ਕੋਲ ਨਾਂ ਮੇਰੇ, ਰਕਮ ਕਿਥੋਂ ਇਹ ਤਾਰਾਂ।
ਉਸੇ ਵੇਲੇ ਫੜ ਕਾਜ਼ੀ ਨੇ, ਕੜੀਆਂ ਸਿੰਘ ਨੂੰ ਲਾਈਆਂ।
ਦਿਤਾ ਤੋਰ ਲਾਹੌਰ ਵਲ ਨੂੰ, ਜਕੜਕੇ ਨਾਲ ਸਪਾਹੀਆਂ।
ਸੀ ਏਦਾਂ ਦੀ ਬੁਰਛਾ ਗਰਦੀ, ਮੁਗ਼ਲ ਹਕੂਮਤ ਵੇਲੇ।
ਭਾਲ ਬਹਾਨੇ ਨਾਲ ਸਿੰਘਾਂ ਦੇ, ਜਾਨ ਬਾਜ਼ੀਆਂ ਖੇਲੇ।