ਪੰਨਾ:ਸ਼ਹੀਦੀ ਜੋਤਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੬੭)

ਸੁਰਤੀ ਲਾ ਕੇ ਬੈਠ ਗਏ, ਨਾਲ ਸਿਰੀ ਭਗਵਾਨ।
ਹੇ 'ਸਿਰੀ ਅਰਜਨ ਦੇਵ' ਜੀ, ਦਰ ਤੇ ਡਿਗਾ ਆਨ।
ਪਾਸ ਦੇਈਂ ਕਰ ਦਾਸ ਨੂੰ, ਹੋਣ ਲਗਾ ਇਮਤਿਹਾਨ।
ਲੇਟੇ ਏਥੇ ਜਿਸ ਤਰਾਂ, ਸੂਰਮਿਆਂ ਦੇ ਗੰਜ।
ਮੈਂ ਉਹਨਾਂ ਦੀ ਡਾਰ ਤੋਂ, ਭੁਲ ਨਾ ਜਾਵਾਂ ਵੰਜ।
ਦਿਨੇ ਕਚਹਿਰੀ ਭਖਦਿਆਂ; ਕੀਤਾ ਦੁਸ਼ਟਾਂ ਪੇਸ਼।
ਫਤਹਿ ਬੁਲਾਈ ਗੱਜਕੇ, ਸਿਮਰ ਸਿਰੀ ਦਸਮੇਸ਼।

ਵਾਰ-


ਨਾਮ ਫਤਹਿ ਦਾ ਸੁਣਦਿਆਂ, ਸੂਬਾ ਹਤਿਆਰਾ।
ਪੈਰਾਂ ਤਕ ਕੋਲੇ ਹੋ ਗਿਆ, ਸੜ ਬਲ ਕੇ ਸਾਰਾ।
ਭੰਨਾ ਤੇਰਾ ਮਗਜ਼ ਮੈਂ, ਫਿਟਿਆ ਸਰਦਾਰਾ।
ਜ਼ਾਹਿਰ ਤੇਰਾ ਹੋ ਗਿਆ, ਆਉਂਦੇ ਈ ਕਾਰਾ।
ਏਥੇ ਕੰਮ ਕੀ ਫ਼ਤਹਿ ਦਾ, ਏਹ ਸ਼ਾਹੀ ਅਦਾਰਾ।
ਕਰਨੀ ਝੁਕ ਸਲਾਮ ਸੀ, ਮੂਰਖ ਗਾਵਾਰਾ।
ਹੈਂ ਦਿਸਦਾ ਹੈਂਕੜ ਬਾਜ਼ ਤੂੰ, ਜ਼ੋਰਾਵਰ ਭਾਰਾ।
ਮੈਂ ਪਲ ਵਿੱਚ ਸੁਟਾਂ ਤੋੜਕੇ, ਤੇਰੀ 'ਅਣਖ' ਦਾ ਤਾਰਾ।
ਤੂੰ ਬਾਗ਼ੀਆਂ ਨੂੰ ਵਿੱਚ ਜੰਗਲਾਂ, ਦੇਵੇਂ ਭੰਡਾਰਾ।
ਹੈ ਜੰਗੀ ਸਿੰਘਾਂ ਨਾਲ ਤੂੰ ਰਖਿਆ ਵਰਤਾਰਾ।
ਤੂੰ ਗ਼ਦਰ ਮਚਾਵਣ ਵਾਸਤੇ, ਟਿਲ ਲਾਵੇਂ ਭਾਰਾ।
ਬਿਨ ਕਲਮਾਂ ਪੜਿਆਂ ਹੋਵਣਾ, ਹੁਣ ਨਹੀਂ ਛੁਟਕਾਰਾ।