ਪੰਨਾ:ਸ਼ਹੀਦੀ ਜੋਤਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ

ਵਾਰ-

ਉਹ ਬੰਦਾ ਜਿਸ ਤੋਂ ਕਾਲ ਵੀ, ਖਾਂਦਾ ਸੀ ਕਾਂਬਾ।
ਉਹ ਬੰਦਾ, ਘੂਰੀ ਜਿਸਦੀ, ਲਾਂਦੀ ਸੀ ਲਾਂਬਾ।
ਉਹ ਰੋਹ ਅੰਦਰ ਜਦ ਭੱਖ ਕੇ, ਹੁੰਦਾ ਸੀ ਤਾਂਬਾ।
ਉਹਦੀ ਜੁਤੀ ਸੀ ਸਿਰ ਰਖਦਾ 'ਕੁਲੂ' ਤੇ 'ਸਾਂਬਾ'।
ਉਹ ਬੰਦਾ, ਜਿਸ ਨੇ ਲਾ ਦਿਡਾ, ਦਿਲੀ ਨੂੰ ਝਾਂਬਾ।
ਉਹ ਬੰਦਾ, ਜਿਸ ਕੰਧਾਰ ਨੂੰ, ਪਾ ਦਿਤੀ ਥਾਂਬਾ।
ਉਹ ਬੰਦਾ, ਸਿਖ ਦੇ ਸਿਰੋਂ ਜਿਸ, ਲਾਹ ਲਿਆ ਉਲਾਂਭਾ।
ਅਜ ਫੁਟ ਡੈਣ ਨੇ ਘੇਰਿਆ, ਉਹਦਾ ਟੁਟਾ ਹਾਂਬਾ।

ਭੁਖ, ਫੁਟ, ਦੁਹਾਂ ਰਲ ਉਸਦਾ, ਕਢ ਦਿਤਾ ਦਵਾਲਾ।
ਉਹ ਫੜਿਆ ਗਿਆ ਗੁਰਦਾਸਪੁਰ, ਧੁਮ ਪਾਵਨ ਵਾਲਾ।
ਜੇ ਮੌਤ ਟਲੇ ਤਾਂ ਟਲ ਜਾਏ, ਉਹ ਕਰੇ ਨਾ ਟਾਲਾ।
ਅਜ ਸਿਖਾਂ ਦੀ ਤਕਦੀਰ ਨੂੰ, ਪੈ ਗਿਆ ਉਧਾਲਾ।
ਬੁਲ੍ਹ ਦੋਵੇਂ ਉਸਦੇ ਪਾੜਕੇ, ਲਾ ਦਿਤਾ ਤਾਲਾ।
ਉਹਨੂੰ ਜਕੜ ਲਿਆ ਵਿਚ ਬੇੜੀਆਂ, ਪਰ ਫਿਰ ਵੀ ਪਾਲਾ।
ਗਲ ਹੱਡ ਪਾਏ ਚਾ ਉਸਦੇ, ਮੂੰਹ ਕੀਤਾ ਕਾਲਾ।
ਉਹਦਾ ਮੋਮਨਾਂ ਤਾਈਂ ਦਸਿਆ, ਕਢ ਇੰਜ ਵਖਾਲਾ।