ਤਰੀਕੇ ਦਾ ਭੌਤਿਕਵਾਦੀ ਹੈ। ਉਸਦੇ ਇਸ ਅਹਿਮ ਲੱਛਣ ਨੂੰ ਉਸਦੇ ਕੱਟੜ ਤੋਂ ਕੱਟੜ ਦੁਸ਼ਮਣ ਵੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਭਰਮ ਨਹੀਂ ਹੈ।”
ਇਸ ਤੋਂ ਅੱਗੇ ਧਰਮ ਅਤੇ ਸਮਾਜਵਾਦ ਬਾਰੇ ਵਿਚਾਰ ਇਕੱਠੇ ਕੀਤੇ ਗਏ ਹਨ ਅਤੇ ਅੰਤ ਵਿੱਚ ਮਾਰਕਸ ਦਾ ਬਗਾਵਤ ਦੀ ਕਾਮਯਾਬੀ ਬਾਰੇ ਗੁਰ ਨੂੰ ਅੰਕਿਤ ਕੀਤਾ ਗਿਆ ਹੈ।
ਇਹ ਤਰਤੀਬ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਨੋਟਸ ਸ਼ਹੀਦ ਭਗਤ ਸਿੰਘ ਦੀ ਗੁਆਚੀ ਕਿਤਾਬ ‘ਸਮਾਜਵਾਦ ਵੱਲ ਮਾਰਚ' ਦੇ ਹਨ। ਜਿਸ ਵਿੱਚ ਰਾਜਨੀਤੀ ਦਾ ਇਤਿਹਾਸ ਤੇ ਵਿਕਾਸ ਘੋਖਣ ਬਾਅਦ ਰੂਸੀ ਤਜਰਬੇ ਤੱਕ ਪਹੁੰਚਣਾ ਅਤੇ ਭਾਰਤੀ ਪਰਿਪੇਖ ਵਿੱਚ ਧਰਮ ਅਤੇ ਸਮਾਜਵਾਦ ਦੇ ਮਸਲੇ ਦਾ ਜਿਕਰ ਕਰਕੇ ਇਨਕਲਾਬ ਨੂੰ ਕਾਮਯਾਬ ਹੋਣ ਲਈ ਕਿਹੜੇ ਅਸੂਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਆਦਿ ਬਾਰੇ ਵਿਚਾਰ ਕੀਤੀ ਹੈ। ਇਹ ਭਾਗ ਉਨ੍ਹਾਂ ਦੇ ਭਾਰਤੀ ਇਨਕਲਾਬ ਪ੍ਰਤੀ ਵਿਚਾਰ ਸਮਝਣ ਵਿੱਚ ਮਦਦਗਾਰ ਹੋ ਸਕਦਾ ਹੈ।
ਜਿਵੇਂ ਕਿ ਦੂਸਰੀ ਕਿਤਾਬ, ਜਿਸਦਾ ਜ਼ਿਕਰ ਆਉਂਦਾ ਹੈ, ਉਹ ਹੈ ਉਨ੍ਹਾਂ ਦੀ ਆਤਮਕਥਾ, ਜਿਸਦਾ ਖਾਸ ਅੰਸ਼ ਉਸਦੇ ਵਿਚਾਰਾਂ ਦੇ ਵਿਕਾਸ ਬਾਰੇ ‘ਮੈਂ ਨਾਸਤਿਕ ਕਿਉਂ ਹਾਂ?’ ਵਿੱਚ ਮਿਲਦਾ ਹੈ। ਤੀਸਰੀ ਕਿਤਾਬ ਭਾਰਤ ਵਿੱਚ ਅਜ਼ਾਦੀ ਦੀ ਲਹਿਰ ਬਾਰੇ ਜ਼ਿਕਰ ਵਿਚ ਆਉਂਦੀ ਹੈ। ਇਸਦੇ ਕੁਝ ਅੰਸ਼ 1931 ਵਿੱਚ ਅਜ਼ਾਦੀ ਦੀ ਲੜਾਈ ਵਿੱਚ ‘ਪੰਜਾਬ ਦਾ ਪਹਿਲਾ ਉਭਾਰ' ਸਿਰਲੇਖ ਹੇਠ ਛਪੇ ਸਨ। ਭਾਵੇਂ ਕਿ ਪੂਰਨ ਖਰੜੇ ਦੀ ਬਹੁਤ ਭਾਲ ਹੈ, ਪਰ ਇਨ੍ਹਾਂ ਨੋਟਸਾਂ ਨਾਲ ਭਗਤ ਸਿੰਘ ਦੀ ਸੋਚ ਪ੍ਰਕਿਰਿਆ ਨੂੰ ਸਮਝਿਆ ਜਾ ਸਕਦਾ ਹੈ।
ਸ਼ਹੀਦ ਭਗਤ ਸਿੰਘ ਦੀ ਮੂਲ ਪ੍ਰੇਰਨਾ ਮਨੁਖਤਾਵਾਦੀ ਰਹੀ ਹੈ, ਜਿਸ ਕਰਕੇ ਅਮਰੀਕਾ ਦੇ ਸਮਾਜਵਾਦੀ ਲੇਖਕ ਜੈਕ ਲੰਡਨ ਅਤੇ ਆਪਟਨ ਸਿੰਕਲੇਅਰ, ਮਾਰਕਸ, ਟੈਗੋਰ, ਬਰਨਾਰਡ ਸ਼ਾਅ, ਸਭ ਨੂੰ ਸਮਝ ਕੇ ਭਾਰਤੀ ਲੋਕਾਂ ਦੀ ਇਤਿਹਾਸਕ ਲੋੜ ਦੀ ਪੂਰਤੀ ਕਰਦੇ ਹੋਏ, ਮਨੁੱਖ ਦੇ ਕਲਿਆਣ, ਅਜ਼ਾਦੀ ਤੇ ਮੁਕਤੀ ਦਾ ਸਾਕਾਰ ਸੁਫ਼ਨਾ ਤਿਆਰ ਕੀਤਾ ਹੈ।
ਇਸ ਨੋਟ ਬੁੱਕ ਦੀ ਇਹ ਵੀ ਖਾਸੀਅਤ ਹੈ ਕਿ ਜਦ ਭਾਰਤ ਨਵੇਂ ਪੂੰਜੀਵਾਦੀ ਅਰਥਚਾਰੇ ਵਿੱਚ ਵਿਚਰ ਰਿਹਾ ਹੈ, ਟੈਗੋਰ ਦੇ ਜਪਾਨੀ ਨੌਜਵਾਨਾਂ ਨੂੰ ਸਨੇਹੇ ਨਾਲੋਂ ਵੱਧ ਸਾਡੇ ਲਈ ਕੀ ਵਿਚਾਰਨਯੋਗ ਹੋ ਸਕਦਾ ਹੈ।
ਭਗਤ ਸਿੰਘ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੀ ਇਸ ਉਕਤੀ ਵਾਂਗ ਮਹਿਸੂਸ ਕਰ ਸਕੀਏ ਕਿ "ਮੈਂ ਇੱਕ ਮਨੁੱਖ ਹਾਂ ਅਤੇ ਜੋ ਵੀ ਮਨੁੱਖਤਾ ਨੂੰ ਪ੍ਰਭਾਵਤ ਕਰੇਗਾ, ਉਸ ਨਾਲ ਮੇਰਾ ਸਰੋਕਾਰ ਹੈ।"
ਲਓ ਹੁਣ ਇਨ੍ਹਾਂ ਭਗਤ ਸਿੰਘ ਦੇ ਚੁਣੇ ਹੋਏ ਮੋਤੀਆਂ ਨੂੰ ਵਿਚਾਰੋ, ਅਤੇ ਅਵਤਾਰ ਪਾਸ਼ ਦੇ ਇਹ ਸ਼ਬਦ ਕਦੇ ਨਾ ਭੁੱਲੀਏ
"ਮੇਰੇ ਕੋਲ ਕੋਈ ਚਿਹਰਾ,
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ,
ਤੇ ਤਾਹੀਓਂ ਜਾਪਦੈ,
ਮੈਂ ਹਰ ਚੀਜ਼ ਉਤੇ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋ ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫਿਕਰ ਦੀ ਬਾਂਹ ਫੜੀ ਰੱਖਣਾ।"
12