ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/13

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਨੁਵਾਦਕ ਵਲੋਂ

ਸ਼ਹੀਦੀ ਇੱਕ ਅਜਿਹਾ ਗੌਰਵਸ਼ਾਲੀ ਮਾਨਵੀ ਵਰਤਾਰਾ ਹੈ, ਜਿਥੇ ਮਨੁੱਖੀ ਵਿਵਹਾਰ ਨੂੰ ਸਵੈ-ਰੱਖਿਆ ਦੀ ਬੁਨਿਆਦੀ ਪ੍ਰਵਿਰਤੀ ਨਾਲ ਜੋੜਨ ਵਾਲੀ ਸਧਾਰਣ ਮਨੋਵਿਗਿਆਨਕ ਵਿਆਖਿਆ ਆਪਣਾ ਅਰਥ ਗੁਆ ਬੈਠਦੀ ਹੈ। ਮਾਨਵੀ ਇਤਿਹਾਸ ਵਿੱਚ ਆਦਿ-ਕਾਲ ਤੋਂ ਸ਼ਹੀਦੀਆਂ ਦਾ ਸਿਲਸਿਲਾ ਚੱਲਿਆ ਆ ਰਿਹਾ ਹੈ। ਸਾਰੇ ਹੀ ਸ਼ਹੀਦ ਆਪੋ ਆਪਣੇ ਪ੍ਰਸੰਗ ਵਿੱਚ ਸਤਿਕਾਰਤ ਹੁੰਦੇ ਹਨ ਅਤੇ ਉਨ੍ਹਾਂ ਦਰਮਿਆਨ ਆਪਸੀ ਮੁਕਾਬਲਾ ਕਰਨਾ ਉਚਿਤ ਨਹੀਂ ਹੁੰਦਾ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹਜ਼ਾਰਾਂ ਕੌਮੀ ਪ੍ਰਵਾਨਿਆਂ ਨੇ ਸ਼ਹੀਦੀਆਂ ਪਾਈਆਂ ਹਨ ਪਰ ਉਨ੍ਹਾਂ ਸਾਰਿਆਂ ਵਿੱਚੋਂ ਸ਼ਹੀਦੇ ਆਜ਼ਮ ਹੋਣ ਦਾ ਗੌਰਵ ਸ. ਭਗਤ ਸਿੰਘ ਨੂੰ ਹੀ ਪ੍ਰਾਪਤ ਹੈ। ਸ. ਭਗਤ ਸਿੰਘ ਪੰਜਾਬ ਦੇ ਭੂਗੋਲਿਕ ਖਿੱਤੇ ਜਾਂ ਪੰਜਾਬੀ ਭਾਈਚਾਰੇ ਜਾਂ ਸਾਡੇ ਸਮਕਾਲੀ ਯੁੱਗ ਤਕ ਸਮਿਤ ਨਹੀਂ ਹੈ, ਸ਼ਹੀਦੇ-ਆਜ਼ਮ ਹੋਣ ਲਈ ਸਮੇਂ-ਸਥਾਨ ਦੀ ਕੈਦੀ ਵਿਚਾਰਧਾਰਾ ਤੋਂ ਪਾਰ ਜਾਣ ਦੀ ਲੋੜ ਹੁੰਦੀ ਹੈ। ਨਿਸਚੇ ਹੀ ਸ. ਭਗਤ ਸਿੰਘ ਵਿੱਚ ਅਜਿਹੀ ਮਹਾਨ ਮਾਨਵੀ ਯੋਗਤਾ ਸੀ। ਅਫ਼ਸੋਸ ਦੀ ਗੱਲ ਹੈ ਕਿ ਅਜੇ ਤਕ ਸ. ਭਗਤ ਸਿੰਘ ਨੂੰ ਸਤਿਕਾਰਿਆ ਤਾਂ ਬਹੁਤ ਗਿਆ ਹੈ ਪਰ ਸਮਝਿਆ ਤੇ ਪ੍ਰਵਾਨਿਆ ਬਹੁਤ ਘੱਟ ਗਿਆ ਹੈ।

ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਰਾਜ-ਭਾਗ ਤੇ ਕਾਬਜ਼ ਹਾਕਮ ਜਮਾਤਾ ਅਤੇ ਸਿਆਸੀ ਪਾਰਟੀਆਂ ਦੀ ਇਹ ਮਜਬੂਰੀ ਸੀ ਕਿ ਉਹ ਵਿਸ਼ਾਲ ਲੋਕਾਈ ਵਿੱਚ ਸਤਿਕਾਰ ਦੇ ਪਾਤਰ ਸ਼ਹੀਦੇ-ਆਜ਼ਮ ਭਗਤ ਸਿੰਘ ਨੂੰ ਅਪਨਾਉਣ ਪਰ ਨਾਲ ਹੀ ਇਹ ਉਨ੍ਹਾਂ ਦੀ ਕੁਟਿਲ ਚਾਲ ਸੀ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਕ ਸੋਚ ਨੂੰ ਲੁਕਾ ਕੇ ਰੱਖਣ। ਇਸ ਲਈ ਉਹਨਾ ਨੇ ਇੱਕ ਪਾਸੇ ਤਾਂ ਸ. ਭਗਤ ਸਿੰਘ ਨੂੰ ਅਜਾਦੀ ਲਈ ਹੱਸ-ਹੱਸ ਫਾਂਸੀ ਦਾ ਰੱਸਾ ਚੁੰਮਣ ਵਾਲੇ ਜਾਂਬਾਜ਼ ਜੋਸ਼ੀਲੇ ਯੋਧੇ ਵਜੋਂ ਪੇਸ਼ ਕੀਤਾ ਪਰ ਦੂਜੇ ਪਾਸੇ ਉਸ ਦੀ ਵਿਚਾਰਧਾਰਾ ਨੂੰ ਦਬਾਉਣ-ਲੁਕਾਉਣ ਦਾ ਯਤਨ ਕੀਤਾ। ਸਰਕਾਰੀ ਪੱਧਰ ਉਪਰ ਉਸ ਬਾਰੇ ਕੀਤੀ ਜਾਂਦੀ ਸ਼ਰਧਾਂਜਲੀ ਨੁਮਾ ਬਿਆਨਬਾਜ਼ੀ ਅਤੇ ਬਹੁਤੇ ਸਰਕਾਰੀ ਅਦਾਰਿਆਂ ਵਲੋਂ ਉਸਦੀਆਂ ਛਾਪੀਆਂ ਜਾਂਦੀਆਂ ਸੰਖੇਪ ਜੀਵਨੀਆਂ ਵਿੱਚ ਉਸਦੇ ਸਿਰਲੱਥ ਦੇਸ਼ ਭਗਤ ਯੋਧੇ ਦਾ ਬਿੰਬ ਹੀ ਪੇਸ਼ ਕੀਤਾ ਜਾਂਦਾ ਹੈ। ਅੱਜ ਆਜ਼ਾਦੀ ਤੋਂ ਪਹਿਲਾਂ ਦੇ ਇਤਿਹਾਸ ਨੂੰ ਮੁੜ ਲਿਖੇ ਜਾਣ ਦੀ ਲੋੜ ਹੈ ਕਿਉਂਕਿ ਸਾਧਨਵੰਤ ਰਾਜਸੱਤਾ ਤੇ ਕਾਬਜ਼ ਸ਼ੇਣੀ ਨੇ ਆਪਣੇ ਵਿਚਾਰਧਾਰਕ ਹਿਤਾਂ ਅਨੁਸਾਰ ਆਜ਼ਾਦੀ ਲਹਿਰ ਨੂੰ ਅਹਿੰਸਾਵਾਦੀ ਨਰਮ ਦਲੀਏ ਅਤੇ ਹਿੰਸਾਵਾਦੀ ਗਰਮਦਲੀਆਂ ਵਿੱਚ ਵੰਡ ਕੇ ਮੁਕਾ ਦਿੱਤਾ ਹੈ। ਆਜ਼ਾਦੀ ਤੋਂ ਸਮਾਂ ਵਿੱਥ ਵਧਣ ਨਾਲ ਹਿੰਸਾਵਾਦੀ ਗਰਮ ਦਲੀਆਂ ਦੇ ਹਥਿਆਰਬੰਦ ਸੰਘਰਸ਼ ਨੂੰ ਮਾਨਤਾ ਤਾਂ ਦੇਣੀ ਸ਼ੁਰੂ ਹੋ ਗਈ ਹੈ ਪਰ ਹਿੰਸਾਵਾਦੀਆਂ ਦੇ ਇੱਕ ਵੱਡੇ ਇਨਕਲਾਬੀ ਹਿੱਸੇ ਦੀ ਕਮਿਊਨਿਸਟ ਵਿਚਾਰਧਾਰਾ ਨੂੰ ਜਾਣ ਬੁੱਝ ਕੇ ਹਾਸ਼ੀਏ ਉਪਰ ਧੱਕਿਆ ਜਾ ਰਿਹਾ ਹੈ। ਹਿੰਸਾਵਾਦ ਦੀ ਮਾਨਵਵਾਦੀ ਭਾਵਨਾ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਿੰਸਾ ਨੂੰ ਆਜ਼ਾਦੀ ਲਹਿਰ ਦੀ ਜਰੂਰੀ ਸਿਆਸਤ ਦੀ ਥਾਂ ਤੇ ਕੁਝ ਜਾਂਬਾਜ਼ਾਂ ਦੇ ਮਨਪਸੰਦ ਸ਼ੌਂਕ ਵਜੋਂ ਪੇਸ਼ ਕੀਤਾ ਜਾ

13