ਰਿਹਾ ਹੈ। ਸ. ਭਗਤ ਸਿੰਘ ਦੇਸ਼ ਦੇ ਆਜ਼ਾਦੀ ਲਈ ਜੂਝੇ ਇਨਕਲਾਬੀਆਂ ਦਾ ਪ੍ਰਤੀਕ ਹੋਣ ਕਰਕੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਉਸ ਦੀ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਸਪਸ਼ਟ ਕਰਨ ਦਾ ਕੰਮ ਇਨਕਲਾਬੀ ਧਿਰ ਦੇ ਵਾਰਸਾਂ ਨੇ ਕਰਨਾ ਸੀ ਅਤੇ ਉਹਨਾਂ ਨੇ ਇਹ ਕੰਮ ਆਪਣੀ ਸਮਰੱਥਾ ਅਨੁਸਾਰ ਕੀਤਾ ਵੀ ਹੈ ਪਰ ਜਿਸ ਵੱਡੀ ਪੱਧਰ ਤੇ ਸ. ਭਗਤ ਸਿੰਘ ਦੀਆਂ ਲਿਖਤਾਂ ਅਤੇ ਵਿਚਾਰਧਾਰਾ ਨੂੰ ਲੋਕਾਂ ਤਕ ਪਹੁੰਚਾਉਣ ਦੀ ਲੋੜ ਸੀ, ਉਸ ਵਿੱਚ ਸਾਧਨਾਂ ਦੀ ਸੀਮਤਾਈ ਕਾਰਨ ਪੂਰੀ ਸਫ਼ਲਤਾ ਨਹੀਂ ਮਿਲੀ ਹੈ। ਅੱਜ ਜਦੋਂ ਦੇਸ਼ ਰਾਜਸੀ ਪੱਖ ਤੋਂ ਘੁੰਮਣਘੇਰੀਆਂ ਵਿੱਚ ਫਸਿਆ ਹੋਇਆ ਹੈ ਅਤੇ ਕਮਿਊਨਿਸਟ ਲਹਿਰ ਵੀ ਭੰਬਲਭੂਸੇ ਵਿੱਚ ਪਈ ਹੋਈ ਹੈ। ਉਸ ਸਮੇਂ ਸਾਨੂੰ ਆਪਣੇ ਦੇਸ਼ ਭਗਤ ਵਿਰਸੇ ਵੱਲ ਮੁੜ ਮੁੜਨ ਦੀ ਲੋੜ ਹੈ। ਦੇਸ਼ ਭਗਤਾਂ ਖਾਸ ਕਰਕੇ ਮਨੁੱਖੀ ਸਮਾਜ ਦੀ ਬੇਹਤਰੀ ਲਈ ਜੂਝੇ ਇਨਕਲਾਬੀਆਂ ਦੀ ਵਿਚਾਰਧਾਰਾ ਨੂੰ ਉਜਾਗਰ ਕਰਨ ਦੀ ਜ਼ਰੂਰਤ ਹੈ। ਇਸੇ ਸੋਚ ਅਧੀਨ ਸ. ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਦਾ ਪੰਜਾਬੀ ਅਨੁਵਾਦ ਛਾਪਿਆ ਜਾ ਰਿਹਾ ਹੈ।
ਮਨੁੱਖੀ ਇਤਿਹਾਸ ਵਿੱਚ ਬਹੁਤ ਸਾਰੇ ਯੋਧੇ ਮਨੁੱਖ ਆਪਣੇ ਵਿਚਾਰਾਂ ਲਈ ਦੁਸ਼ਮਣਾਂ ਨਾਲ ਮਰਨ ਮਾਰਨ ਦੀ ਖੇਡ ਖੇਡਦੇ ਹਨ ਪ੍ਰੰਤੂ ਅਜਿਹੇ ਯੋਧੇ ਜੇਤੂ ਹੋ ਕੇ ਬਚਣ ਦੀ ਵੀ ਉਮੀਦ ਰਖਦੇ ਹਨ ਅਤੇ ਲੜ ਕੇ ਮਰ ਜਾਣ ਤੋਂ ਪਹਿਲਾਂ ਵੀ ਮੌਤ ਤੋਂ ਦੂਰ ਹੁੰਦੇ ਹਨ। ਇਸ ਦੇ ਉਲਟ ਪਹਿਲਾਂ ਹੀ ਮਰਨਾ ਕਬੂਲ ਕਰਕੇ ਤੁਰਨਾ ਹੋਰ ਵੀ ਔਖੀ ਗੱਲ ਹੈ। ਸ. ਭਗਤ ਸਿੰਘ ਨੇ ਇਹੀ ਰਸਤਾ ਚੁਣਿਆ ਸੀ। ਸੰਸਾਰ ਵਿੱਚ ਬਹੁਤੇ ਸ਼ਹੀਦ ਆਪਣੀ ਧਰਮ ਆਸਥਾ ਲਈ ਸ਼ਹੀਦੀ ਪ੍ਰਾਪਤ ਕਰਦੇ ਹਨ ਤਾਂ ਉਹਨਾਂ ਅੱਗੇ ਨਾ ਕੇਵਲ ਸੰਕਟ ਦੀ ਘੜੀ ਟਾਲਣ ਲਈ ਦੈਵੀ ਆਸਰਾ ਹੀ ਹੁੰਦਾ ਹੈ, ਸਗੋਂ ਸਵਰਗ ਦੇ ਨਜ਼ਾਰਿਆਂ ਦੇ ਲਾਲਚ ਤੋਂ ਛੁੱਟ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਬੈਠਣ ਦਾ ਧਰਵਾਸ ਵੀ ਹੁੰਦਾ ਹੈ। ਪਰ ਸ. ਭਗਤ ਸਿੰਘ ਇਨ੍ਹਾਂ ਲਾਲਚਾਂ, ਆਸਰਿਆਂ, ਧਰਵਾਸਿਆਂ ਤੋਂ ਮੁਕਤ ਸੀ। "ਮੈਂ ਨਾਸਤਿਕ ਕਿਉਂ ਹਾਂ?" ਲਿਖਣ ਵਾਲਾ ਭਗਤ ਸਿੰਘ ਕਿਸੇ ਭਰਮ-ਭੁਲੇਖੇ ਦਾ ਸ਼ਿਕਾਰ ਨਹੀਂ ਸੀ। ਅਜਿਹੀ ਸਥਿਤੀ ਵਿੱਚ ਮਰਨਾ ਕਬੂਲ ਕਰਨਾ ਸ. ਭਗਤ ਸਿੰਘ ਦੇ ਵਿਚਾਰਧਾਰਕ ਰਾਜਸੀ ਕੱਦ ਨੂੰ ਕਾਬਲੇ-ਰਸ਼ਕ ਬੁਲੰਦੀਆਂ ਤੋਂ ਵੀ ਉਚੇਰਾ ਮਾਨਵੀ ਸ਼ਾਨ ਦੀ ਉਚ-ਦੁਮਾਲੜੀ ਚੋਟੀ ਤੇ ਖੜ੍ਹਾ ਕਰ ਦਿੰਦਾ ਹੈ ਜਿਥੇ ਦੁਨੀਆਂ ਦੇ ਤਮਾਮ ਸ਼ਹੀਦ ਪਹੁੰਚਣ ਦੀ ਇੱਛਾ ਕਰਦੇ ਹੋ ਸਕਦੇ ਹਨ। ਸ. ਭਗਤ ਸਿੰਘ ਦਾ ਜੀਵਨ ਅਤੇ ਸ਼ਹੀਦੀ ਇੱਕ ਹੋਰ ਪੱਖ ਤੋਂ ਵੀ ਧਿਆਨ ਮੰਗਦੀ ਹੈ। ਆਮ ਕਰਕੇ ਦਿਲ ਅਤੇ ਦਿਮਾਗ, ਜਜ਼ਬੇ ਅਤੇ ਬੁੱਧੀ, ਜੋਸ਼ ਅਤੇ ਹੋਸ਼ ਨੂੰ ਨਿਖੇੜ ਕੇ ਵੇਖਿਆ ਜਾਂਦਾ ਹੈ ਅਤੇ ਆਮ ਆਖਿਆ ਜਾਂਦਾ ਹੈ ਕਿ ਬਹੁਤਾ ‘ਸਿਆਣਾ ਬੰਦਾ’ ਮਰਨ ਲਈ ਭਾਵੇਂ ਹੋਰ ਲੱਖਾਂ ਬੰਦਿਆਂ ਨੂੰ ਤਿਆਰ ਕਰ ਦੇਵੇ ਪਰ ਖੁਦ ਮਰਨ ਤੋਂ ਡਰਦਾ ਹੁੰਦਾ ਹੈ। ਭਗਤ ਸਿੰਘ ਨੇ ਇਸ ਪ੍ਰਚੱਲਿਤ ਸੋਚ ਨੂੰ ਸਿਰਪਰਨੇ ਕਰ ਦਿੱਤਾ। ਸ. ਭਗਤ ਸਿੰਘ ਦੀ ਸ਼ਹੀਦੀ ਨੇ ਉਸ ਦਾ ਦੇਸ਼ ਦੀ ਆਜ਼ਾਦੀ ਲਈ ਤੜਪਦੇ ਜਜ਼ਬਿਆਂ ਵਾਲੇ ਦਿਲ ਦੇ ਮਾਲਕ ਜੋਸ਼ੀਲੇ ਨੌਜਵਾਨ ਦਾ ਬਿੰਬ ਵਿਸ਼ਾਲ ਲੋਕਾਈ ਦੇ ਮਾਨਸਿਕ ਚਿੱਤਰਪਟ 'ਤੇ ਡੂੰਘਾ ਉੱਕਰ ਦਿੱਤਾ ਹੈ। ਇਸੇ ਕਾਰਨ ਅਸੀਂ ਉਸਦੀ ਵਿਸ਼ਾਲ ਵਿਗਿਆਨਕ ਹੋਸ਼ ਭਰੀ ਤਰਕਸ਼ੀਲ ਬੌਧਿਕ ਯੋਗਤਾ ਨੂੰ ਭੁਲਾ ਦਿੱਤਾ ਹੈ। ਸ. ਭਗਤ ਸਿੰਘ ਦੀਆਂ ਲਿਖਤਾਂ ਉਸ ਦੀ ਪ੍ਰਤਿਭਾ ਦੇ ਸੰਪੂਰਨ ਦਰਸ਼ਨ ਕਰਵਾਉਂਦੀਆਂ ਹਨ ਕਿ ਉਹ ਦਿਲ-ਦਿਮਾਗ, ਹੋਸ਼-ਜੋਸ਼, ਬੁੱਧੀ-ਜਜ਼ਬੇ ਦਾ ਦੁਰਲੱਭ ਸੁਮੇਲ ਸੀ। ਇਨ੍ਹਾਂ ਸਾਰੀਆਂ ਖੂਬੀਆਂ ਦੇ ਉਪਰ ਦੀ ਖੂਬੀ ਇਹ ਹੈ ਕਿ ਉਹ ਮਸਾਂ 23 ਕੁ ਸਾਲਾਂ ਦਾ ਨੌਜਵਾਨ ਸੀ ਜਦੋਂ ਉਹ ਆਪਣੀਆਂ ਬੌਧਿਕ ਪ੍ਰਾਪਤੀਆਂ ਦਰਜ ਕਰ ਰਿਹਾ ਸੀ।
ਸ. ਭਗਤ ਸਿੰਘ ਦੀ ਇਹ ਜੇਲ੍ਹ ਨੋਟ-ਬੁੱਕ ਇੱਕ ਹੋਰ ਪੱਖ ਤੋਂ ਵੀ ਮਹੱਤਵਪੂਰਨ ਹੈ ਕਿ ਹੁਣ ਤਕ ਸ. ਭਗਤ ਸਿੰਘ ਦੀਆਂ ਕੁਝ ਲਿਖਤਾਂ ਨੂੰ ਛੱਡ ਕੇ ਬਾਕੀਆਂ ਉਪਰ ਉਸਦਾ ਕਲਮੀ ਨਾਂ
14