ਭਗਤ ਸਿੰਘ ਵਲੋਂ ਜੇਲ੍ਹ ਨੋਟਬੁੱਕ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਲਿਖੇ ਅਤੇ ਬਾਹਰ ਭੇਜ ਦਿੱਤੇ ਫੁਲ ਸਕੇਪ ਪੰਨਿਆਂ ਉਪਰ ਅੰਕਿਤ ਮਸਾਲਾ ਦੇ ਰਹੇ ਹਾਂ। ਇਨ੍ਹਾਂ ਪੰਨਿਆਂ ਦੀ ਪ੍ਰਾਪਤੀ ਲਈ ਅਸੀਂ ਪ੍ਰੋ. ਜਗਮੋਹਨ ਸਿੰਘ ਦੇ ਧੰਨਵਾਦੀ ਹਾਂ।
ਹਵਾਲਿਆਂ ਸਬੰਧੀ: ਇਸ ਨੋਟ ਬੁੱਕ ਵਿੱਚ ਸ. ਭਗਤ ਸਿੰਘ ਨੇ ਵੱਖ-ਵੱਖ ਪੁਸਤਕਾਂ ਵਿਚੋਂ ਟੂਕਾਂ ਉਤਾਰੀਆਂ ਹਨ। ਇਨ੍ਹਾਂ ਵਿਚੋਂ ਕੁਝ ਟੂਕਾਂ ਦੇ ਹਵਾਲੇ ਖੁਦ ਸ. ਭਗਤ ਸਿੰਘ ਨੇ ਸੰਖੇਪ ਵਿੱਚ ਦਿੱਤੇ ਹਨ ਪਰ ਕੁਝ ਦੇ ਦਿੱਤੇ ਨਹੀਂ ਹਨ ਅਤੇ ਕੁਝ ਐਨੇ ਸੰਖੇਪ ਹਨ ਕਿ ਅੱਜ ਸੱਤ ਦਹਾਕਿਆਂ ਦੇ ਅੰਤਰਾਲ ਬਾਅਦ ਸਹੀ ਅੰਦਾਜ਼ਾ ਲਾਉਣਾ ਔਖਾ ਹੈ। ਪਾਠਕਾਂ ਦੀ ਦਿਲਚਸਪੀ ਲਈ ਸ. ਭਗਤ ਸਿੰਘ ਦੁਆਰਾ ਉਧਰਿਤ ਵਿਅਕਤੀਆਂ ਅਤੇ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਪੁਸਤਕ ਦੇ ਪਿੱਛੇ ਹਵਾਲੇ ਵਜੋਂ ਦਿੱਤੀ ਗਈ ਹੈ। ਕਿਸੇ ਭੁਲੇਖੇ ਤੋਂ ਬਚਣ ਲਈ ਟੂਕਾਂ ਨੂੰ ਲੜੀਵਾਰ ਨੰਬਰ ਦਿੱਤਾ ਗਿਆ ਹੈ। ਬਹੁਤੀਆਂ ਮੂਲ ਪੁਸਤਕਾਂ ਉਸ ਸਮੇਂ ਛਪੀਆਂ ਸਨ, ਅੱਜ ਉਨ੍ਹਾਂ ਦੇ ਪੰਨਾ ਨੰਬਰ ਹੋਰ ਹੋ ਸਕਦੇ ਹਨ। ਬਹੁਤ ਸਾਰੇ ਹਵਾਲੇ ਆਪਟਨ ਸਿੰਕਲੇਅਰ ਦੀ ਪੁਸਤਕ ਕਰਾਈ ਫਾਰ ਜਸਟਿਸ ਵਿੱਚ ਹਨ। 1915 ਵਿਚ ਪਹਿਲੀ ਵਾਰ ਛਪੀ ਇਸ ਪੁਸਤਕ ਵਿਚ ਇਨਸਾਫ ਅਤੇ ਸਮਾਜਕ ਪ੍ਰਬੰਧ ਵਿਚ ਸੁਧਾਰ ਬਾਰੇ ਜੱਦੋ ਜਹਿਦ ਵੱਖ-ਵੱਖ ਵਿਚਾਰਕਾਂ ਅਤੇ ਲੇਖਕਾਂ ਦੇ ਵਿਚਾਰਾਂ ਨੂੰ ਇਕੱਤਰ ਕੀਤਾ ਹੋਇਆ ਹੈ। ਕੁਝ ਵਿਵਰਣ ਅੱਜ ਪ੍ਰਾਪਤ ਨਹੀਂ ਜਾਂ ਸਾਡੀ ਜਾਣਕਾਰੀ ਤੋਂ ਬਾਹਰ ਹਨ, ਉਸ ਬਾਰੇ ਜੇ ਕੋਈ ਜਾਣਕਾਰ ਸੱਜਣ ਵਧੇਰੇ ਜਾਣਕਾਰੀ ਭੇਜ ਸਕੇ ਤਾਂ ਧੰਨਵਾਦੀ ਹੋਵਾਂਗੇ। ਇਸ ਪੁਸਤਕ ਵਿੱਚ ਦਰਜ ਵਿਵਰਣ ਭੁਪੇਂਦਰ ਹੂਜਾ ਦੀ ‘ਏ ਮਾਰਟਰਜ਼ ਨੋਟਬੁੱਕ', ਉਸੇ ਦਾ ਪਰਿਕਲਪਨਾ ਪ੍ਰਕਾਸ਼ਨ, ਲਖਨਊ ਵਲੋਂ ਹਿੰਦੀ ਅਨੁਵਾਦ ਅਤੇ ਪ੍ਰੋ. ਜਗਮੋਹਨ ਸਿੰਘ ਵਲੋਂ ਦਿੱਤੀ ਸਹਾਇਤਾ ਨਾਲ ਤਿਆਰ ਕੀਤੇ ਗਏ ਹਨ।
ਸਿਰਲੇਖਾਂ ਸਬੰਧੀ: ਸ. ਭਗਤ ਸਿੰਘ ਨੇ ਬਹੁਤ ਸਾਰੀਆਂ ਟੂਕਾਂ ਨੂੰ ਖੁਦ ਹੀ ਸਿਰਲੇਖ ਦਿੱਤੇ ਹਨ। ਇਹ ਸਿਰਲੇਖ ਆਮ ਕਰਕੇ ਟੂਕਾਂ ਦਾ ਸਾਰ ਦਰਸਾਉਂਦੇ ਹਨ। ਇਹ ਸਿਰਲੇਖ ਹਾਸ਼ੀਏ ਵਿੱਚ ਜ਼ਿਆਦਾਤਰ ਟੇਢੇ ਕਰਕੇ ਲਿਖੇ ਹੋਏ ਹਨ। ਟੂਕਾਂ ਵਿੱਚ ਵੀ ਮਹੱਤਵਪੂਰਨ ਵਿਚਾਰਾਂ ਜਾਂ ਵਾਕਾਂ ਨੂੰ ਲਕੀਰਿਆ ਗਿਆ ਹੈ। ਕਈ ਟੂਕਾਂ ਨੂੰ ਹਾਸ਼ੀਏ ਤੇ ਖੜ੍ਹਵੇਂ ਦਾਅ ਲਕੀਰਿਆ ਗਿਆ ਹੈ। ਕਿਤੇ ਕਿਤੇ ਹਾਸ਼ੀਏ ਅੱਗੇ ਸਹੀ ਦਾ ਨਿਸ਼ਾਨ ਲਾਇਆ ਹੋਇਆ ਹੈ।
ਇਸ ਨੋਟਬੁੱਕ ਦੇ ਪੰਜਾਬੀ ਅਨੁਵਾਦ ਦੀ ਭੂਮਿਕਾ ਲਿਖਣ ਵਾਲੇ ਪ੍ਰੋ. ਜਗਮੋਹਨ ਸਿੰਘ ਜੀ ਅਤੇ ਅਨੁਵਾਦ ਦੀ ਸੁਧਾਈ ਕਰਨ ਵਾਲੇ ਸ਼੍ਰੀ ਰਾਜਪਾਲ ਸਿੰਘ ਜੀ ਵਿਸ਼ੇਸ਼ ਧੰਨਵਾਦ ਦੇ ਪਾਤਰ ਹਨ। ਇਸ ਨੋਟਬੁੱਕ ਦਾ ਪੰਜਾਬੀ ਅਨੁਵਾਦ ਕਰਦਿਆਂ ਮੈਨੂੰ ਹੱਦੋਂ ਵੱਧ ਸੰਤੁਸ਼ਟੀ ਭਰੇ ਆਨੰਦ ਦਾ ਅਨੁਭਵ ਹੋਇਆ ਹੈ। ਮੈਂ ਪਹਿਲਾਂ ਪੜ੍ਹੀਆਂ ਪੁਸਤਕਾਂ ਵਿੱਚੋਂ ਭਗਤ ਸਿੰਘ ਵਲੋਂ ਲਏ ਨੋਟਸ ਪੜ੍ਹੇ ਤਾਂ ਮੈਨੂੰ ਉਨ੍ਹਾਂ ਹੀ ਟੂਕਾਂ ਦੇ ਨਵੇਂ ਅਰਥ ਪਤਾ ਲੱਗੇ। ਸ. ਭਗਤ ਸਿੰਘ ਦੇ ਲਿਖੇ ਨੂੰ ਅਨੁਵਾਦਣਾ ਮੇਰੇ ਲਈ ਮਾਣ ਵਾਲੀ ਗੱਲ ਹੈ।
ਰਾਜਿੰਦਰ ਪਾਲ ਸਿੰਘ (ਡਾ.)
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
16