ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/100

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੋਵੇ ਜਾਂ ਨਾ ਹੋਵੇ। ਕਿਸੇ ਨੇ ਇਸ ਸਵਾਲ ਤੇ ਸੋਚ ਵਿਚਾਰ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਕਰਤਾਰ ਸਿੰਘ ਨੇ ਇਸ ਸਵਾਲ ਬਾਰੇ ਬਹੁਤ ਕੁਝ ਸੋਚ ਰੱਖਿਆ ਸੀ। ਇਸ ਦੌਰਾਨ ਆਪ ਨਿਊਯਾਰਕ ਵਿਚ ਹਵਾਈ ਜਹਾਜ਼ਾਂ ਦੀ ਕੰਪਨੀ ਵਿਚ ਭਰਤੀ ਹੋ ਗਏ। ਇੱਥੇ ਦਿਲ ਲਗਾ ਕੇ ਕੰਮ ਸਿੱਖਣ ਲੱਗੇ।

ਸਤੰਬਰ 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਨੂੰ ਜ਼ਾਲਮ ਗੋਰਾਸ਼ਾਹੀ ਦੇ ਹੱਥੋਂ ਨਾ ਵਰਣਨ ਯੋਗ ਤਸੀਹੇ ਝੱਲਣ 'ਤੇ ਉਸੇ ਤਰ੍ਹਾਂ ਹੀ ਵਾਪਸ ਮੁੜਨਾ ਪਿਆ। ਤਦ ਸਾਡੇ ਕਰਤਾਰ ਸਿੰਘ, ਇਨਕਲਾਬ ਪਸੰਦ, ਗੁਪਤਾ ਤੇ ਇਕ ਅਮਰੀਕਨ ਅਨਾਰਕਿਸਟ ਜੈਕ ਨੂੰ ਨਾਲ ਲੈ ਕੇ ਹਵਾਈ ਜਹਾਜ਼ 'ਤੇ ਜਪਾਨ ਆਏ ਅਤੇ ਕੋਬੇ ਵਿਚ ਬਾਬਾ ਗੁਰਦਿੱਤ ਸਿੰਘ ਜੀ ਨਾਲ ਮਿਲ ਕੇ ਸਭ ਗੱਲਬਾਤ ਕੀਤੀ। ਯੁਗਾਂਤਰ ਆਸ਼ਰਮ ਸਾਨਫ੍ਰਾਂਸਿਸਕੋ ਦੇ ਗ਼ਦਰ ਪ੍ਰੈੱਸ ਵਿਚ ‘ਗ਼ਦਰ ਅਤੇ ਗ਼ਦਰ ਦੀ ਗੂੰਜ' ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਛਾਪ ਕੇ ਵੰਡੀਆਂ ਜਾਂਦੀਆਂ ਰਹੀਆਂ। ਦਿਨੋ-ਦਿਨ ਪ੍ਰਚਾਰ ਜ਼ੋਰਾਂ 'ਤੇ ਹੁੰਦਾ ਗਿਆ। ਜੋਸ਼ ਵੱਧਦਾ ਗਿਆ। ਫਰਵਰੀ 1914 ਵਿਚ ਸਟਾਕਟਨ ਦੇ ਆਮ ਜਲਸੇ ਵਿਚ ਆਜ਼ਾਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ ਤੇ ਬਰਾਬਰੀ ਦੇ ਨਾਂ 'ਤੇ ਕਸਮ ਖਾਧੀ ਗਈ। ਇਸ ਜਲਸੇ ਦੇ ਬੁਲਾਰਿਆਂ ਵਿਚ ਕਰਤਾਰ ਸਿੰਘ ਵੀ ਸਨ। ਸਾਰਿਆਂ ਨੇ ਐਲਾਨ ਕੀਤਾ ਕਿ ਉਹ ਆਪਣੇ ਖ਼ੂਨ-ਪਸੀਨੇ ਦੀ ਕਮਾਈ ਇਕ ਕਰਕੇ ਮੁਲਕ ਦੀ ਆਜ਼ਾਦੀ ਦੀ ਜੱਦੋ-ਜਹਿਦ ਲਈ ਲੱਗਾ ਦੇਣਗੇ। ਇਸ ਤਰ੍ਹਾਂ ਦਿਨ ਗੁਜ਼ਰਦੇ ਰਹੇ। ਅਂਚਾਨਕ ਯੂਰਪ ਵਿਚ ਪਹਿਲੀ ਜੰਗ ਲੱਗਣ ਦੀ ਖ਼ਬਰ ਮਿਲੀ। ਉਹ ਖ਼ੁਸ਼ੀ ਨਾਲ ਫੁਲੇ ਨਹੀਂ ਸਮਾਉਂਦੇ ਸਨ। ਇਕਦਮ ਸਾਰੇ ਗਾਉਣ ਲੱਗ ਪਏ-

“ਚੱਲੋ ਚਲੀਏ ਦੇਸ਼ ਨੂੰ ਯੁੱਧ ਕਰਨ,
ਇਹੋ ਆਖ਼ਰੀ ਵਚਨ ਤੇ ਫੁਰਮਾਨ ਹੋ ਗਏ।"

ਕਰਤਾਰ ਸਿੰਘ ਨੇ ਦੇਸ਼ ਵਾਪਸ ਮੁੜਨ ਦਾ ਪ੍ਰਚਾਰ ਜ਼ੋਰ ਨਾਲ ਕੀਤਾ। ਫਿਰ ਆਪ ਵੀ ਜਹਾਜ਼ 'ਤੇ ਸਵਾਰ ਹੋ ਕੇ ਕੋਲੰਬੋ (ਲੰਕਾ) ਪਹੁੰਚ ਗਏ। ਇਨ੍ਹੀਂ ਦਿਨੀਂ ਅਮਰੀਕਾ ਤੋਂ ਪੰਜਾਬ ਆਉਣ ਵਾਲੇ ਆਮ ਤੌਰ 'ਤੇ ਡਿਫੈਂਸ ਆਫ ਇੰਡੀਆ ਕਾਨੂੰਨ (D.I.R.) ਦੀ ਪਕੜ ਵਿਚ ਆ ਜਾਂਦੇ ਸਨ। ਬਹੁਤ ਘੱਟ ਸਹੀ ਸਲਾਮਤ ਪਹੁੰਚ ਸਕਦੇ ਸਨ। ਕਰਤਾਰ ਸਿੰਘ ਸਹੀ ਸਲਾਮਤ ਆ ਪਹੁੰਚਿਆ। ਬੜੇ ਜ਼ੋਰਾਂ ਨਾਲ ਕੰਮ ਸ਼ੁਰੂ ਹੋਇਆ। ਸੰਗਠਨ ਦੀ ਕਮੀ ਸੀ। ਪਰੰਤੂ ਕਿਸੇ ਤਰ੍ਹਾਂ ਉਹ ਵੀ ਪੂਰੀ ਕੀਤੀ ਗਈ। ਦਸੰਬਰ 1914 ਵਿਚ ਮਰੱਹਟੇ ਨੌਜਵਾਨ ਵਿਸ਼ਨੂੰ ਗਨੇਸ਼ ਪਿੰਗਲੇ ਵੀ ਆ ਗਏ। ਇਨ੍ਹਾਂ ਦੀ ਕੋਸ਼ਿਸ਼ ਨਾਲ ਸ੍ਰੀ ਸਾਚਿੰਦਰ ਨਾਥ ਸਾਨਯਾਲ ਤੇ ਰਾਸ ਬਿਹਾਰੀ ਬੋਸ ਪੰਜਾਬ ਆਏ। ਕਰਤਾਰ ਸਿੰਘ ਹਰ ਸਮੇਂ ਹਰ ਥਾਂ ਹੁੰਦੇ। ਅੱਜ ਮੋਗੇ ਵਿਚ ਖ਼ੁਫੀਆ ਮੀਟਿੰਗ ਹੈ, ਆਪ ਉਥੇ ਵੀ ਹਨ। ਕੱਲ੍ਹ ਲਾਹੌਰ ਦੇ ਵਿਦਿਆਰਥੀਆਂ ਵਿਚ ਪ੍ਰਚਾਰ ਹੋ ਰਿਹਾ ਹੈ। ਆਪ ਫਿਰ ਅਗਲੀ ਕਤਾਰ ਵਿਚ ਹਨ। ਅਗਲੇ ਦਿਨ ਫਿਰੋਜ਼ਪੁਰ ਦੀ ਛਾਉਣੀ ਦੇ ਸਿਪਾਹੀਆਂ ਨਾਲ ਗਠਜੋੜ ਹੋ ਰਿਹਾ ਹੈ। ਫਿਰ ਹਥਿਆਰਾਂ ਲਈ ਕਲਕੱਤੇ ਜਾ ਰਹੇ ਹਨ। ਰੁਪਏ ਦੀ ਕਮੀ ਦਾ ਸਵਾਲ ਉੱਠਣ ਤੇ ਆਪ ਨੇ ਡਾਕਾ ਮਾਰਨ ਦੀ ਸਲਾਹ ਦਿੱਤੀ। ਡਾਕੇ ਦਾ ਨਾਂ ਸੁਣਦੇ ਹੀ ਬਹੁਤ ਸਾਰੇ ਲੋਕ ਹੱਕੇ-ਬੱਕੇ ਰਹਿ ਗਏ। ਪਰੰਤੂ ਆਪ ਨੇ ਕਹਿ ਦਿੱਤਾ ਕੋਈ ਡਰ ਨਹੀਂ ਹੈ। ਭਾਈ ਪਰਮਾਨੰਦ ਵੀ ਡਾਕੇ ਨਾਲ ਸਹਿਮਤ ਹਨ। ਇਨ੍ਹਾਂ ਤੋਂ ਤਸਦੀਕ ਕਰਵਾਉਣ ਦੀ ਜ਼ੁੰਮੇਵਾਰੀ ਆਪ 'ਤੇ ਸੁੱਟੀ ਗਈ। ਅਗਲੇ ਦਿਨ ਇਨ੍ਹਾਂ ਨੂੰ ਮਿਲੇ ਬਗ਼ੈਰ ਹੀ ਕਹਿ ਦਿੱਤਾ ਕਿ, “ਪੁੱਛ ਆਇਆ ਹਾਂ ਉਹ ਸਹਿਮਤ ਹਨ।” ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਨ ਕਿ ਬਗ਼ਾਵਤ ਦੀ ਤਿਆਰੀ ਵਿਚ ਸਿਰਫ਼ ਰੁਪਏ ਦੀ ਘਾਟ ਕਰਕੇ ਦੇਰ ਹੋਵੇ।

ਇਕ ਦਿਨ ਉਹ ਡਾਕਾ ਮਾਰਨ ਇਕ ਪਿੰਡ ਗਏ, ਕਰਤਾਰ ਸਿੰਘ ਲੀਡਰ ਸਨ। ਡਾਕਾ ਪੈ ਰਿਹਾ ਸੀ। ਘਰ ਵਿਚ ਇਕ ਬੇਹੱਦ ਖ਼ੂਬਸੂਰਤ ਕੁੜੀ ਵੀ ਸੀ। ਉਸ ਨੂੰ ਵੇਖ ਕੇ ਇਕ ਪਾਪੀ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/84