ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/103

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜਲਸਾ ਖ਼ਤਮ ਹੋ ਗਿਆ। ਦੂਸਰੇ ਦਿਨ ਫਿਰ ਕਰਤਾਰ ਸਿੰਘ ਦਾ ਅਦਾਲਤ ਵਿਚ ਬਿਆਨ ਸ਼ੁਰੂ ਹੋਇਆ। ਪਹਿਲੇ ਦਿਨ ਜੱਜ ਦਾ ਕੁਝ ਇਹੋ ਜਿਹਾ ਖ਼ਿਆਲ ਸੀ ਕਿ ਕਰਤਾਰ ਸਿੰਘ ਭਾਈ ਪਰਮਾਨੰਦ ਦੇ ਇਸ਼ਾਰੇ 'ਤੇ ਉਹ ਬਿਆਨ ਦੇ ਰਹੇ ਸਨ। ਪ੍ਰੰਤੂ ਉਹ ਬਾਗ਼ੀ ਕਰਤਾਰ ਸਿੰਘ ਦੇ ਦਿਲ ਦੀਆਂ ਗਹਿਰਾਈਆਂ ਵਿਚ ਨਹੀਂ ਉੱਤਰ ਸਕਦੇ ਸਨ। ਕਰਤਾਰ ਸਿੰਘ ਦਾ ਬਿਆਨ ਜ਼ਿਆਦਾ ਜ਼ੋਰਦਾਰ, ਜ਼ਿਆਦਾ ਜੋਸ਼ੀਲਾ ਅਤੇ ਪਹਿਲੇ ਦਿਨ ਦੀ ਤਰ੍ਹਾਂ ਇਨਕਲਾਬੀ ਸੀ। ਅਖ਼ੀਰ ਵਿਚ ਆਪ ਨੇ ਕਿਹਾ, “ਜੁਰਮ ਦੇ ਲਈ ਮੈਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਜਾਂ ਫਾਂਸੀ। ਪ੍ਰੰਤੂ ਮੈਂ ਫਾਂਸੀ ਨੂੰ ਪਹਿਲ ਦੇਵਾਂਗਾ ਤਾਂ ਕਿ ਫਿਰ ਜਨਮ ਲੈ ਕੇ ਜਦ ਤਕ ਹਿੰਦੁਸਤਾਨ ਆਜ਼ਾਦ ਨਹੀਂ ਹੋਵੇਗਾ, ਤਦ ਤਕ ਮੈਂ ਵਾਰ-ਵਾਰ ਜਨਮ ਲੈ ਕੇ ਫਾਂਸੀ 'ਤੇ ਲਟਕਦਾ ਰਹਾਂਗਾ। ਇਹ ਮੇਰੀ ਆਖ਼ਰੀ ਖ਼ਾਹਿਸ਼ ਹੈ।

ਆਪ ਦੀ ਬਹਾਦਰੀ ਨੇ ਜੱਜਾਂ ਨੂੰ ਬਹੁਤ ਪ੍ਰਭਾਵਤ ਕੀਤਾ। ਪ੍ਰੰਤੂ ਉਨ੍ਹਾਂ ਨੇ ਖੁੱਲ੍ਹੇ ਦਿਲ ਦੁਸ਼ਮਣ ਦੀ ਤਰ੍ਹਾਂ ਆਪਦੀ ਬਹਾਦਰੀ ਨੂੰ ਬਹਾਦਰੀ ਨਾ ਕਹਿ ਕੇ ਢੀਠਪੁਣੇ ਦੇ ਸ਼ਬਦਾਂ ਨਾਲ ਯਾਦ ਕੀਤਾ। ਕਰਤਾਰ ਸਿੰਘ ਨੂੰ ਸਿਰਫ਼ ਗਾਲ੍ਹਾਂ ਹੀ ਨਹੀਂ, ਮੌਤ ਦੀ ਸਜ਼ਾ ਵੀ ਮਿਲੀ। ਆਪ ਨੇ ਮੁਸਕਰਾਉਂਦੇ ਹੋਏ ਜੱਜ ਦਾ ਸ਼ੁਕਰੀਆ ਅਦਾ ਕੀਤਾ। ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿਚ ਬੰਦ ਸਨ। ਆਪ ਦੇ ਦਾਦਾ ਨੇ ਆ ਕੇ ਕਿਹਾ, “ਕਰਤਾਰ ਸਿੰਘ, ਜਿਨ੍ਹਾਂ ਲਈ ਮਰ ਰਿਹਾ ਹੈਂ? ਜਿਹੜੇ ਤੈਨੂੰ ਗਾਲੀਆਂ ਦਿੰਦੇ ਹਨ। ਤੇਰੇ ਮਰਨ ਨਾਲ ਦੇਸ਼ ਨੂੰ ਕੁਝ ਫਾਇਦਾ ਹੋਵੇਗਾ, ਇਹ ਵੀ ਨਜ਼ਰ ਨਹੀਂ ਆਉਂਦਾ।” ਕਰਤਾਰ ਸਿੰਘ ਨੇ ਬਹੁਤ ਹੌਲੀ ਜਿਹੀ ਪੁੱਛਿਆ-
“ਦਾਦਾ ਜੀ, ਫਲਾਣਾ ਰਿਸ਼ਤੇਦਾਰ ਕਿੱਥੇ ਹੈ?”
“ਪਲੇਗ ਨਾਲ ਮਰ ਗਿਆ।”
“ਫਲਾਣਾ ਕਿੱਥੇ ਹੈ?”
“ਹੈਜੇ ਨਾਲ ਮਰ ਗਿਆ ਹੈ।”
“ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਬਿਸਤਰੇ 'ਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਕਿਸੇ ਰੋਗ ਨਾਲ ਮਰੇ? ਕੀ ਉਸ ਮੌਤ ਨਾਲੋਂ ਇਹ ਮੌਤ ਹਜ਼ਾਰ ਦਰਜੇ ਚੰਗੀ ਨਹੀਂ?” ਦਾਦਾ ਚੁੱਪ ਹੋ ਗਏ।

ਅੱਜ ਫਿਰ ਸਵਾਲ ਉੱਠਦਾ ਹੈ ਕਿ ਉਨ੍ਹਾਂ ਦੇ ਮਰਨ ਨਾਲ ਕੀ ਫ਼ਾਇਦਾ ਹੋਇਆ? ਉਹ ਕਿਸ ਲਈ ਮਰੇ? ਇਸ ਦਾ ਜਵਾਬ ਬਿਲਕੁਲ ਸਾਫ਼ ਹੈ। ਦੇਸ਼ ਦੇ ਲਈ ਮਰੇ। ਉਨ੍ਹਾਂ ਦਾ ਆਦਰਸ਼ ਹੀ ਦੇਸ਼ ਸੇਵਾ ਵਿਚ ਲੜਦੇ ਮਰਨਾ ਸੀ। ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੁੰਦੇ ਸਨ। ਮਰਨਾ ਵੀ ਗੁੰਮਨਾਮ ਰਹਿ ਕੇ ਚਾਹੁੰਦੇ ਸਨ।

ਚਮਨ ਜਾਰੇ ਮੁਹੱਬਤ ਮੇਂ, ਉਸੀ ਨੇ ਕੀ ਬਾਗਬਾਨੀ।
ਜਿਸਨੇ ਮਿਹਨਤ ਕੋ ਹੀ ਮਿਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਮੁਹਤਾਜੇ ਨੁਮਾਇਸ਼ ਫੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।

(ਮੁਹੱਬਤ ਦੀ ਫ਼ੁਲਵਾੜੀ ਵਿਚ ਉਸ ਮਾਲੀ ਦੀ ਥਾਂ ਹੈ, ਕਿ ਜਿਹੜਾ ਆਪਣੀ ਮਿਹਨਤ ਨੂੰ ਹੀ ਆਪਣਾ ਫਲ ਸਮਝਦਾ ਹੈ। ਤ੍ਰੇਲ ਦੀ ਦਰਿਆਦਿਲੀ ਵਿਖਾਵੇ ਲਈ ਨਹੀਂ ਹੈ, ਉਹ ਤਾਂ ਹਨੇਰੀ ਰਾਤ ਵਿਚ ਚੁੱਪ-ਚਾਪ ਬਾਗ਼ ਵਿਚ ਮੋਤੀ ਕਰ ਜਾਂਦੀ ਹੈ।)

ਡੇਢ ਸਾਲ ਤਕ ਮੁਕੱਦਮਾ ਚੱਲਿਆ। 16 ਨਵੰਬਰ, 1915 ਦਾ ਦਿਨ ਸੀ, ਜਦ ਉਨ੍ਹਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਉਸ ਦਿਨ ਵੀ ਹਮੇਸ਼ਾ ਦੀ ਤਰ੍ਹਾਂ ਖ਼ੁਸ਼ ਸਨ। ਇਨ੍ਹਾਂ ਦਾ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/87