ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/104

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭਾਰ ਦਸ ਪੌਂਡ ਵਧ ਗਿਆ ਸੀ। ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫ਼ਾਂਸੀ ਦੇ ਤਖ਼ਤੇ 'ਤੇ ਝੂਲ ਪਏ।

☆☆☆

20. ‘ਪੰਜਾਬ ਵਿਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ' ਕੂਕਾ ਲਹਿਰ

[ਦਿੱਲੀ ਤੋਂ ਛਪਣ ਵਾਲੇ ਹਿੰਦੀ ਦੇ ਰਸਾਲੇ ‘ਮਹਾਰਥੀ’ ਵਿਚ ਫਰਵਰੀ, 1928 ਵਿਚ ਭਗਤ ਸਿੰਘ ਨੇ ਬੀ.ਐੱਸ. ਸੰਧੂ ਦੇ ਕਲਮੀ ਨਾਂ ਹੇਠ ਕੂਕਾ ਲਹਿਰ 'ਤੇ ਲੇਖ ਲਿਖਿਆ। ਇਹ ਲੇਖ ਪੇਸ਼ ਹੈ:

—ਸੰਪਾਦਕ]

ਸਿੱਖਾਂ ਵਿਚ ਇਕ ਉਪ-ਫ਼ਿਰਕਾ ਹੈ, ਜੋ ਨਾਮਧਾਰੀ ਜਾਂ ਕੂਕਾ ਅਖਵਾਉਂਦਾ ਹੈ। ਇਹਦਾ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ। ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਹਦਾ ਆਰੰਭ ਹੋਇਆ ਸੀ।

ਅੱਜ ਇਹ ਇਕ ਸੰਕੁਚਿਤ ਫਿਰਕਾ ਦਿਸਦਾ ਹੈ, ਪਰ ਇਹਦੇ ਬਾਨੀ ਸ੍ਰੀ ਗੁਰੂ ਰਾਮ ਸਿੰਘ ਇਕ ਕੱਟੜ ਇਨਕਲਾਬੀ ਸਨ। ਇਕ ਮਸ਼ਹੂਰ ਰੱਬ-ਭਗਤ, ਸਮਾਜ ਦੇ ਦੋਸ਼ ਤਕ ਦੇ ਇਕ ਵਿਦਰੋਹੀ ਸਮਾਜ ਸੁਧਾਰਕ ਬਣ ਗਿਆ ਅਤੇ ਇਕ ਸੱਚੇ ਸਮਾਜ ਸੁਧਾਰਕ ਵਾਂਗ ਜਦੋਂ ਉਹ ਕਰਮ-ਖੇਤਰ ਵਿਚ ਅਗਾਂਹ ਨਿਤਰੇ ਤਾਂ ਉਨ੍ਹਾਂ ਵੇਖਿਆ ਕਿ ਦੇਸ਼ ਦੀ ਉੱਨਤੀ ਲਈ ਗ਼ੁਲਾਮੀ ਦੀਆਂ ਬੇੜੀਆਂ ਨੂੰ ਕੱਟਣਾ ਸਭ ਤੋਂ ਜ਼ਰੂਰੀ ਹੈ। ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਵਸੀਹ-ਪੈਮਾਨੇ 'ਤੇ ਕੀਤੀ। ਉਸ ਦੀ ਤਿਆਰੀ ਦੇ ਦੌਰਾਨ ਹੀ ਜੋ ਕੁਝ ਝਗੜਾ ਫ਼ਸਾਦ ਹੋ ਗਿਆ, ਉਸ ਤੋਂ ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆ ਅਤੇ ਸਭ ਯਤਨਾਂ ਦਾ ਨਿਸਫ਼ਲਤਾ ਤੋਂ ਬਿਨਾਂ ਹੋਰ ਕੋਈ ਸਿੱਟਾ ਨਾ ਨਿਕਲ ਸਕਿਆ।

ਕੂਕਾ ਲਹਿਰ ਦਾ ਇਤਿਹਾਸ ਹਾਲ ਤਕ ਲੋਕਾਂ ਸਾਹਵੇਂ ਨਹੀਂ ਆਇਆ। ਕਿਸੇ ਨੇ ਇਸ ਨੂੰ ਅਹਿਮੀਅਤ ਵਾਲਾ ਨਹੀਂ ਸਮਝਿਆ। ਅਸੀਂ ਕੂਕਿਆਂ ਨੂੰ ਭੁੱਲੜ ਅਤੇ ਮੂਰਖ ਕਹਿ ਕੇ ਆਪਣੇ ਫਰਜ਼ ਤੋਂ ਲਾਂਭੇ ਹੋ ਜਾਂਦੇ ਹਾਂ। ਸਵਾਰਥ, ਜਾਂ ਲੋਭ ਲਈ ਉਨ੍ਹਾਂ ਆਪਣੀਆਂ ਜਾਨਾਂ ਦਿੱਤੀਆਂ ਹੁੰਦੀਆਂ ਤਾਂ ਅਸੀਂ ਅਣਗਹਿਲੀ ਵਿਖਾ ਸਕਦੇ ਸਾਂ। ਪਰ ਉਨ੍ਹਾਂ ਦੀ ‘ਮੂਰਖਤਾ’ ਵਿਚ ਵੀ ਦੇਸ਼ ਪ੍ਰੇਮ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹ ਤਾਂ ਤੋਪ ਦੇ ਦਹਾਨੇ ਨਾਲ ਬੰਨ੍ਹੇ ਹੋਣ ਸਮੇਂ ਵੀ ਹੱਸ ਦਿੰਦੇ ਸਨ ਤੇ ਆਨੰਦ ਨਾਲ ‘ਸਤਿ ਸ੍ਰੀ ਅਕਾਲ' ਦੇ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਆਕਾਸ਼-ਪਾਤਾਲ ਇਕ ਕਰ ਦਿੰਦੇ ਸਨ। ਉਨ੍ਹਾਂ ਦੇ ਮੱਥਿਆਂ ’ਤੇ ਦੁੱਖ, ਫ਼ਿਕਰ ਜਾਂ ਪਛਤਾਵੇ ਦੀ ਰੇਖਾ ਵੀ ਨਹੀਂ ਦਿਸਦੀ ਸੀ। ਕੀ ਉਹ ਭੁੱਲ ਜਾਣ ਵਾਲੇ ਹਨ? ਉਨ੍ਹਾਂ ਦਾ ਅਪਰਾਧ ਸ਼ਾਇਦ ਅਸਫਲਤਾ ਤੋਂ ਬਿਨਾਂ ਕੁਝ ਵੀ ਨਹੀਂ ਸੀ, ਪਰ ਸਕਾਟਲੈਂਡ ਦੇ ਬਹਾਦਰ ਵਿਲੀਅਮ ਵਾਲਿਸ ਵੀ ਤਾਂ ਅਸਫ਼ਲ ਹੋ ਕੇ ਮੌਤ ਦੀ ਸਜ਼ਾ ਦਾ ਭਾਗੀ ਬਣ ਗਿਆ ਸੀ। ਉਹਦੀ ਤਾਂ ਅੱਜ ਸਾਰਾ ਇੰਗਲੈਂਡ ਪੂਜਾ ਕਰਦਾ ਹੈ। ਫਿਰ ਸਾਡੇ ਅਸਫ਼ਲ ਦੇਸ਼ ਭਗਤ ਹੀ ਇਸ ਤਰ੍ਹਾਂ ਕਿਉਂ ਭੁਲਾ ਕੇ ਘੁੱਪ ਹਨ੍ਹੇਰੇ ਵਿਚ ਸੁੱਟ ਦਿੱਤੇ ਜਾਣ?

ਅਸੀਂ ਸਮਝਦੇ ਹਾਂ ਕਿ ਸਾਡੇ ਲਈ ਦੇਸ਼ ਵਾਸਤੇ ਨਿਸ਼ਕਾਮ ਭਾਵ ਮਰ ਮਿਟਣ ਵਾਲੇ ਲੋਕਾਂ ਨੂੰ ਭੁਲਾ ਦੇਣਾ ਬੜੀ ਵੱਡੀ ਅਹਿਸਾਨ-ਫਰਾਮੋਸ਼ੀ ਹੋਵੇਗੀ। ਅਸੀਂ ਉਨ੍ਹਾਂ ਦੀ ਯਾਦ ਵਿਚ ਕੋਈ ਵੱਡਾ ਥੰਮ੍ਹਾ ਨਹੀਂ ਖੜ੍ਹਾ ਕਰ ਸਕਦੇ, ਤਾਂ ਕੀ ਆਪਣੇ ਦਿਲ ਵਿਚ ਥੋੜ੍ਹੀ ਜਿਹੀ ਥਾਂ ਦੇਣੋਂ ਵੀ ਝਿਜਕੀਏ? ਇਸੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਅੱਜ ਉਨ੍ਹਾਂ ‘ਮੂਰਖ’ ਅਤੇ ‘ਉਤਾਵਲੇ’ ਆਸਵੰਦਾਂ ਦਾ ਸੰਖੇਪ ਇਤਿਹਾਸ ਲਿਖਣ ਦੀ ਇਹ ਕੋਸ਼ਿਸ਼ ਹੈ। ਇਸ ਨਾਲ ਜੇ ਲੋਕਾਂ ਨੂੰ ਉਨ੍ਹਾਂ ਦੇ ਸਬੰਧ ਵਿਚ ਠੀਕ-ਠੀਕ ਗੱਲਾਂ ਦਾ ਗਿਆਨ ਹੋ ਜਾਏ ਅਤੇ ਵਧੇਰੇ ਜਾਨਣ ਦੀ ਇੱਛਾ ਪੈਦਾ ਹੋ ਜਾਏ ਤਾਂ ਇਹ ਕੋਸ਼ਿਸ਼ਾਂ ਕਾਮਯਾਬ ਸਮਝਾਂਗਾ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/88