ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/106

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਹੈ।” ਉਸ ਵੇਲੇ ਤੋਂ ਇਨ੍ਹਾਂ ਆਪਣਾ ਸਿਆਸੀ ਪ੍ਰੋਗਰਾਮ ਬਣਾ ਲਿਆ। ਸੰਨਿਆਸੀ ਵਾਲੀ ਗੱਲ ਸੁਣੀ-ਸੁਣਾਈ ਹੀ ਹੈ, ਹੋ ਸਕਦਾ ਹੈ ਕਿ ਇਹ ਗੱਲ ਹੋਈ ਹੀ ਨਾ ਹੋਵੇ। ਪਰ ਇੰਨਾ ਤਾਂ ਮੰਨਣਾ ਹੀ ਪਏਗਾ ਕਿ ਇਸ ਵੇਲੇ ਗੁਰੂ ਜੀ ਨੂੰ ਦੇਸ਼ ਦੀ ਪਰਾਧੀਨਤਾ ਬੁਰੀ ਤਰ੍ਹਾਂ ਰੜਕੀ। ਉਹ ਸਮਝ ਗਏ ਸਨ ਕਿ ਗ਼ੁਲਾਮੀ ਦੇ ਨਾਲ ਦੇਸ਼ ਵਾਸੀਆਂ ਦੀ ਆਤਮਾ ਵੀ ਮਰਦੀ ਜਾ ਰਹੀ ਹੈ। ਲੋਕ ਸਵਾਧੀਨਤਾ ਦਾ ਵਿਚਾਰ ਤਕ ਛੱਡ ਬੈਠੇ ਸਨ। ਅਜੇ ਕਲ ਦੀ ਗੱਲ ਸੀ, ਜਦ ਉਨ੍ਹਾਂ ਗ਼ਦਰ ਅਤੇ ਉਹਦੀ ਅਸਫ਼ਲਤਾ ਦੇ ਬਾਅਦ ਅਕਹਿ ਜ਼ੁਲਮ ਵੇਖੇ-ਸੁਣੇ ਸਨ। ਉਸ ਤੋਂ ਵੀ ਉਨ੍ਹਾਂ ਨੂੰ ਚੰਗੀ ਜ਼ਰੂਰ ਠੇਸ ਲੱਗੀ ਹੋਵੇਗੀ। ਜੋ ਵੀ ਹੋਵੇ, ਉਨ੍ਹਾਂ ਵਿਦੇਸ਼ੀ ਹਕੂਮਤ ਦਾ ਖੋਖਲਾਪਨ ਖ਼ੂਬ ਤਰ੍ਹਾਂ ਵੇਖ ਕੇ, ਇਕ ਪ੍ਰੋਗਰਾਮ ਬਣਾ ਕੇ ਕੰਮ ਆਰੰਭ ਦਿੱਤਾ। ਹੁਣ ਤਕ ਸਿਰਫ਼ ‘ਉਪਦੇਸ਼’ ਹੀ ਹੁੰਦਾ ਸੀ ਪਰ ਹੁਣ ਦੀਕਸ਼ਾ ਅਤੇ ਸੰਗਠਨ ਵੀ ਸ਼ੁਰੂ ਹੋ ਗਿਆ।

ਉਨ੍ਹਾਂ ਉਸ ਵੇਲੇ ਠੀਕ ਉਹੀ ਨਾਮਿਲਵਰਤਣ ਦਾ ਪ੍ਰਚਾਰ ਸ਼ੁਰੂ ਕੀਤਾ, ਜੋ 1920 ਵਿਚ ਮਹਾਤਮਾ ਗਾਂਧੀ ਨੇ ਕੀਤਾ ਸੀ। ਉਨ੍ਹਾਂ ਦੀ ਨਾਮਿਲਵਰਤਣ ਮਹਾਤਮਾ ਦੇ ਨਾਮਿਲਵਰਤਣ ਤੋਂ ਵੀ ਕਈ ਗੱਲਾਂ ਵਿਚ ਵਧ ਕੇ ਸੀ। ਅਦਾਲਤਾਂ ਦਾ ਬਾਈਕਾਟ, ਆਪਣੀਆਂ ਪੰਚਾਇਤਾਂ ਦੀ ਕਾਇਮੀ, ਸਰਕਾਰੀ ਤਾਲੀਮ ਦਾ ਬਾਈਕਾਟ, ਬਦੇਸ਼ੀ ਸਰਕਾਰ ਦੇ ਪੂਰੇ ਬਾਈਕਾਟ ਨਾਲ ਰੇਲ, ਤਾਰ ਅਤੇ ਡਾਕ ਦੇ ਬਾਈਕਾਟ ਦਾ ਵੀ ਪ੍ਰਚਾਰ ਕੀਤਾ। ਉਸ ਵੇਲੇ ਦੇਸ਼ ਇੰਨਾਂ ਸਾਹਸੱਤ ਹੀਣ ਹੋ ਕੇ ਉਨ੍ਹਾਂ ਚੀਜ਼ਾਂ 'ਤੇ ਇੰਨਾ ਨਿਰਭਰ ਨਹੀਂ ਹੋ ਗਿਆ ਸੀ ਕਿ ਉਨ੍ਹਾਂ ਦੇ ਬਾਈਕਾਟ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ। ਇਸ ਤਰ੍ਹਾਂ ਉਨ੍ਹਾਂ ਡਾਕ ਦਾ ਪ੍ਰਬੰਧ ਆਪਣਾ ਇੰਨਾ ਚੰਗਾ ਕਰ ਲਿਆ ਸੀ ਕਿ ਭਾਈ ਪਰਮਾਨੰਦ ਦੇ ਲੇਖ ਅਨੁਸਾਰ ਉਨ੍ਹਾਂ ਦੀ ਡਾਕ ਸਰਕਾਰੀ ਡਾਕ ਨਾਲੋਂ ਵੀ ਸ਼ਤਾਬਦੀ ਪਹੁੰਚਦੀ ਸੀ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਸਾਦਾ ਪਹਿਰਾਵੇ ਅਤੇ ਸਵਦੇਸ਼ੀ ਪੁਸ਼ਾਕ ਪਹਿਨਣ ਦਾ ਜ਼ੋਰ ਨਾਲ ਉਪਦੇਸ਼ ਹੁੰਦਾ ਸੀ। ਪਰਚਾਰ ਦਾ ਕੰਮ ਇੰਨੀ ਦੇਰ ਨਾ ਹੋ ਸਕਿਆ ਤੇ ਇਸ 'ਤੇ ਕਰੜੀ ਨਜ਼ਰ ਰੱਖਣ ਲੱਗੀ। ਉਸ ਨੂੰ ਇਸ ਚੰਡ-ਅੰਦੋਲਨ ਨੂੰ ਨੱਪ ਦੇਣ ਦੀ ਚਿੰਤਾ ਹੋ ਗਈ।

ਟੀ.ਡੀ. ਫੋਰਸਿਥ, ਜੋ ਸੰਨ 1863 ਵਿਚ ਪੰਜਾਬ ਸਰਕਾਰ ਦੇ ਚੀਫ਼ ਸਕੱਤਰ ਸਨ ਅਤੇ ਬਾਅਦ ਵਿਚ 1872 ਵਿਚ ਕੂਕਾ ਵਿਦਰੋਹ ਸਮੇਂ ਅੰਬਾਲਾ ਡਵੀਜ਼ਨ ਦੇ ਉੱਚੇ ਅਹੁਦੇ 'ਤੇ ਕੰਮ ਕਰਦੇ ਸਨ। ਆਪਣੀ ਆਤਮ ਕਥਾ ਵਿਚ ਲਿਖਦੇ ਹਨ:

“1863 ਵਿਚ ਹੀ ਮੈਂ ਇਸ ਲਹਿਰ ਦੀ ਤਹਿ ਤਕ ਪਹੁੰਚ ਗਿਆ ਸੀ ਅਤੇ ਸਮਝ ਗਿਆ ਸਾਂ ਕਿ ਇਹ ਕਿਹੜੇ-ਕਿਹੜੇ ਖ਼ਤਰਨਾਕ ਨਤੀਜੇ ਲਿਆ ਸਕਦੀ ਹੈ। ਇਸ ਲਈ ਮੈਂ ਉਨ੍ਹਾਂ ਦੇ ਪ੍ਰਚਾਰ ’ਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੇ ਪ੍ਰਚਾਰ ਦੀ ਰਫ਼ਤਾਰ ਕੁਝ ਹੱਦ ਤਕ ਘਟ ਗਈ।”

ਜਦ ਹਕੂਮਤ ਨੇ ਲੋਕਾਂ ਦਾ ਵੱਡੀ ਗਿਣਤੀ ਵਿਚ ਭੈਣੀ ਆਉਣਾ-ਜਾਣਾ ਅਤੇ ਉਨ੍ਹਾਂ ਦਾ ਉਥੇ ਦੇਰ ਤਕ ਠਹਿਰਨਾ ਤਕ ਵੀ ਬੰਦ ਕਰ ਦਿੱਤਾ ਤਾਂ ਗੁਰੂ ਰਾਮ ਸਿੰਘ ਨੇ ਆਪਣਾ ਕੰਮ ਜਾਰੀ ਰੱਖਣ ਦੀ ਇਕ ਤਦਬੀਰ ਸੋਚੀ। ਸਮੁੱਚੇ ਦੇਸ਼ ਨੂੰ 22 ਹਿੱਸਿਆਂ ਵਿਚ ਵੰਡ ਕੇ 22 ਯੋਗ ਬੰਦੇ ਉਨ੍ਹਾਂ ਦਾ ਸੰਗਠਨ ਕਰਨ ਲਈ ਮੁਕੱਰਰ ਕਰ ਦਿੱਤੇ। ਉਨ੍ਹਾਂ ਨੂੰ ‘ਸੂਬੇ’ ਕਿਹਾ ਜਾਂਦਾ ਸੀ। ਕੰਮ ਬੜੀ ਚੰਗੀ ਤਰ੍ਹਾਂ ਚੱਲਦਾ ਰਿਹਾ। ਸਾਰੇ ਨਾਮਧਾਰੀ ਸਿੱਖ ਆਪਣੀ ਕਮਾਈ ਦਾ ਦਸਵੰਧ ਗੁਰੂ ਜੀ ਦੀ ਭੇਟ ਕਰਦੇ ਸਨ। ਇਹ ਸਭ ਭੈਣੀ ਭੇਜ ਦਿੱਤਾ ਜਾਂਦਾ ਸੀ। ਇਹ ਸਭ ਕੁਝ ਤਾਂ ਹੁੰਦਾ ਹੀ ਸੀ ਅਤੇ ਨਾਲ-ਨਾਲ ਗੁਪਤ ਰੂਪ ਵਿਚ ਵਿਦਰੋਹ ਦਾ ਪ੍ਰਚਾਰ ਵੀ ਹੁੰਦਾ ਰਿਹਾ। ਬਾਹਰਲਾ ਜੋਸ਼ ਬਹੁਤ ਘੱਟ ਕਰ ਦਿੱਤਾ ਗਿਆ, ਇਥੋਂ ਤਕ ਕਿ ਸਰਕਾਰ ਦਾ ਸ਼ੱਕ ਕੁਝ ਹੱਦ ਤਕ ਦੂਰ ਹੋ ਗਿਆ ਅਤੇ ਸਾਰੀਆਂ ਪਾਬੰਦੀਆਂ 1869 ਈ. ਵਿਚ ਹਟਾ ਲਈਆਂ ਗਈਆਂ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/90